ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਜੂਨ
ਸੀ.ਪੀ.ਆਈ. (ਐਮ.ਐਲ.) ਲਬਿਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਇਥੇ ਬਲਾਕ ਵਿਕਾਸ ਅੇ ਪੰਚਾਇੰਤ ਦਫ਼ਤਰ (ਬੀਡੀਪੀਓ) ਧਾਰੀਵਾਲ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਮਗਨਰੇਗਾ ਮਜ਼ਦੂਰ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੂੰ ਸਬੋਧਨ ਕਰਦਿਆਂ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਅਤੇ ਯੂਨੀਅਨ ਦੇ ਮਾਝਾ ਖੇਤਰ ਦੇ ਪ੍ਰਧਾਨ ਕਾਮਰੇਡ ਵਿਜੇ ਸੋਹਲ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਜ਼ ’ਤੇ ਹੀ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਪ੍ਰਤੀ ਗੈਰ-ਸੰਜੀਦਾ ਸਰਕਾਰ ਸਾਬਤ ਹੋ ਰਹੀ ਹੈ। ਮਜ਼ਦੂਰ ਵੱਲੋਂ ਪੰਚਾਇਤਾਂ ਅਤੇ ਬੀਡੀਪੀਓ ਦਫ਼ਤਰਾਂ ਤੋਂ ਕੰਮ ਮੰਗਣ ਜਾਂਦੇ ਹਨ। ਪਰ ਇਨ੍ਹਾਂ ਪੰਚਾਇਤ ਦਫ਼ਤਰਾਂ ਵਿੱਚ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਵਾਸਤੇ ਦੂਸਰੇ ਦਫ਼ਤਰਾਂ ਨਾਲ ਨਾ ਕੋਈ ਤਾਲਮੇਲ ਹੈ ਅਤੇ ਨਾ ਹੀ ਪਲਾਨਿਗ। ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ਦੀ ਜਗ੍ਹਾ ਖੱਜਲਖੁਵਾਰੀ ਅਤੇ ਨਿਰਾਸ਼ਾ ਹੀ ਮਿਲਦੀ ਹੈ। ਮਹਿਕਮੇ ਵੱਲੋਂ ਕੰਮ ਕਰਨ ਦੀਆਂ ਉਜ਼ਰਤਾ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਕੀਤੀ ਜਾਂਦੀ। ਇਨ੍ਹਾਂ ਦਫ਼ਤਰਾਂ ਵਿੱਚ ਮਨਰੇਗਾ ਦੇ ਕੰਮ ਵਿੱਚ ਭ੍ਰਿਸ਼ਟਾਚਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ ਤੇ ਮਜ਼ਦੂਰੀ ਵੀ ਗਵਾਂਢੀ ਰਾਜਾਂ ਦੇ ਮੁਕਾਬਲੇ ਘੱਟ ਦਿੱਤੀ ਜਾਂਦੀ ਹੈ।