ਕੇ.ਪੀ ਸਿੰਘ
ਗੁਰਦਾਸਪੁਰ, 2 ਮਈ
ਵਧੀਕ ਸੈਸ਼ਨ ਜੱਜ, ਗੁਰਦਾਸਪੁਰ ਅਮਰਪਾਲ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਇੱਕ ਔਰਤ ਸਣੇ ਦੋ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਦੋਸ਼ੀਆਂ ਵਿੱਚ ਰੋਜ਼ੀ ਪੁੱਤਰੀ ਸੰਤੋਖ ਕੁਮਾਰ ਵਾਸੀ ਇੰਦਰਾ ਕਾਲੋਨੀ, ਅੰਮ੍ਰਿਤਸਰ ਅਤੇ ਉਸ ਦਾ ਪ੍ਰੇਮੀ ਸਾਹਿਬ ਮਸੀਹ ਪੁੱਤਰ ਸਦੀਕ ਮਸੀਹ ਵਾਸੀ ਪਿੰਡ ਭੋਜ ਰਾਜ ਜ਼ਿਲ੍ਹਾ ਗੁਰਦਾਸਪੁਰ ਸ਼ਾਮਿਲ ਹਨ । ਇਨ੍ਹਾਂ ਖ਼ਿਲਾਫ਼ 26 ਫਰਵਰੀ 2018 ਨੂੰ ਪੁਲੀਸ ਥਾਣਾ ਘੁੰਮਣ ਕਲਾਂ ਵਿੱਚ ਕੇਸ ਦਰਜ ਹੋਇਆ ਸੀ। ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ ਦੋਵਾਂ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ।