ਧਿਆਨ ਸਿੰਘ ਰਾਏ
ਕਪੂਰਥਲਾ, 6 ਜੂਨ
ਪਿੰਡ ਸ਼ੇਖੂਪੁਰ ਵਿੱਚ 3 ਅਤੇ 4 ਜੂਨ ਦੀ ਰਾਤ ਨੂੰ ਅਸ਼ੋਕ ਕੁਮਾਰ ਦੇ ਘਰ ’ਚੋਂ ਪਤੀ-ਪਤਨੀ ਨੂੰ ਡਰਾ-ਧਮਕਾ ਕੇ ਕੀਤੀ ਗਈ ਲੁੱਟ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਪੁਲੀਸ ਨੇ ਧਾਰਾ 397, 458 ਤੇ 347 ਤਹਿਤ ਥਾਣਾ ਸਿਟੀ ਕਪੂਰਥਲਾ ’ਚ ਕੇਸ ਦਰਜ ਕੀਤਾ ਸੀ। ਇਸ ਸਬੰਧੀ ਸੁਰਿੰਦਰ ਸਿੰਘ ਡੀਐੱਸਪੀ ਸਬ-ਡਿਵੀਜ਼ਨ ਕਪੂਰਥਲਾ ਨੇ ਦੱਸਿਆ ਕਿ ਐੱਸਐੱਸਪੀ ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਅਫ਼ਸਰ ਥਾਣਾ ਸਿਟੀ ਕਪੂਰਥਲਾ ਇੰਸਪੈਕਟਰ ਸੁਰਜੀਤ ਸਿੰਘ ਅਤੇ ਏਐੱਸਆਈ ਜਸਬੀਰ ਸਿੰਘ ’ਤੇ ਅਧਾਰਿਤ ਪੁਲੀਸ ਪਾਰਟੀ ਨੂੰ ਮੁਖ਼ਬਰ ਖਾਸ ਨੇ ਲੁੱਟ-ਖੋਹ ਕਰਨ ਵਾਲਿਆਂ ਦੀ ਇਤਲਾਹ ਦਿੱਤੀ ਸੀ। ਇਸ ’ਤੇ ਪੁਲੀਸ ਨੇ ਕਥਿਤ ਦੋਸ਼ੀ ਆਗਿਆਪਾਲ ਸਿੰਘ ਉਰਫ਼ ਲਾਡੀ, ਲਖਵਿੰਦਰ ਸਿੰਘ ਉਰਫ ਲੱਖਾ ਉਰਫ ਲੱਖੀ ਤੇ ਲਖਵਿੰਦਰ ਸਿੰਘ ਉਰਫ ਦੀਪਾ ਨੂੰ ਖਰਬੂਜਾ ਮੰਡੀ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਪੁੱਛਗਿੱਛ ਦੌਰਾਨ ਆਗਿਆਪਾਲ ਸਿੰਘ ਉਰਫ ਲਾਡੀ ਪਾਸੋਂ ਖੋਹਿਆ ਹੋਇਆ ਰਿਵਾਲਵਰ 32 ਬੋਰ ਸਮੇਤ 20 ਰੌਂਦ ਅਤੇ 20 ਹਜ਼ਾਰ ਰੁਪਏ, ਲਖਵਿੰਦਰ ਸਿੰਘ ਉਰਫ ਲੱਖਾ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਏਅਰ ਪਿਸਟਲ, ਇੱਕ ਸੋਨੇ ਦਾ ਕਾਂਟਾ, ਇੱਕ ਸੋਨੇ ਦਾ ਟੌਪਸ, ਇੱਕ ਸੋਨੇ ਦਾ ਕੋਕਾ ਅਤੇ 20 ਹਜ਼ਾਰ ਰੁਪਏ ਤੇ ਲਖਵਿੰਦਰ ਸਿੰਘ ਉਰਫ ਦੀਪਾ ਪਾਸੋਂ 15 ਹਜ਼ਾਰ ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਦਾਤਰ ਬਰਾਮਦ ਕਰਨ ਦਾ ਦਾਅਵਾ ਕੀਤਾ। ਪੁਲੀਸ ਅਨੁਸਾਰ ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ 5 ਜਣਿਆਂ ਨੇ ਇਕੱਠੇ ਹੋ ਕੇ ਜਲਦੀ ਅਮੀਰ ਹੋਣ ਦੀ ਲਾਲਸਾ ਤਹਿਤ ਅਸ਼ੋਕ ਕੁਮਾਰ ਦੇ ਘਰ ਖੋਹ ਕਰਨ ਦੀ ਯੋਜਨਾ ਬਣਾਈ ਸੀ। ਪੁਲੀਸ ਅਨੁਸਾਰ ਬਾਕੀ ਦੀ ਰਕਮ ਅਤੇ ਸੋਨਾ ਸਰਬਜੀਤ ਸਿੰਘ ਉਰਫ ਸਾਬੀ ਅਤੇ ਆਕਾਸ਼ ਉਰਫ ਕਾਸ਼ੀ ਦੇ ਕਬਜ਼ੇ ਵਿੱਚ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਆਗਿਆਪਾਲ ਸਿੰਘ ਉਰਫ਼ ਲਾਡੀ ਅਤੇ ਲਖਵਿੰਦਰ ਸਿੰਘ ਉਰਫ਼ ਦੀਪਾ ਖ਼ਿਲਾਫ਼ ਪਹਿਲਾਂ ਵੀ ਕਪੂਰਥਲਾ ਦੇ ਥਾਣਿਆਂ ਵਿੱਚ ਕੇਸ ਦਰਜ ਹਨ।