ਗੁਰਬਖਸ਼ਪੁਰੀ
ਤਰਨ ਤਾਰਨ, 3 ਸਤੰਬਰ
ਜ਼ਿਲ੍ਹੇ ’ਚ ਲੁਟੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਅੱਧੀ ਰਾਤ ਤੇ ਚਿੱਟਾ ਦਿਨ ਕੋਈ ਰੁਕਾਵਟ ਨਹੀਂ| ਜ਼ਿਲ੍ਹੇ ’ਚ ਬੀਤੇ 24 ਘੰਟਿਆਂ ’ਚ ਹੋਈਆਂ ਲੁੱਟ ਖੋਹ ਦੀਆਂ ਵਾਰਦਾਤਾਂ ਸਭ ਕੁਝ ਸਪਸ਼ਟ ਕਰ ਰਹੀਆਂ ਹਨ| ਥਾਣਾ ਝਬਾਲ ਦੇ ਪਿੰਡ ਛਿਛਰੇਵਾਲ ’ਚ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਇਕ ਪਰਵਾਸੀ ਭਾਰਤੀ (ਐੱਨਆਰਆਈ) ਦੇ ਘਰ ਬੀਤੀ ਅੱਧੀ ਰਾਤ ਨੂੰ ਚਾਰ ਹਥਿਆਰ ਬੰਦ ਲੁਟੇਰਿਆਂ ਨੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਲੱਖਾਂ ਰੁਪਏ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ, ਵਿਦੇਸ਼ੀ ਘੜੀਆਂ, ਏਟੀਐੱਮ, ਪੈਟੀਐਮ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਆਦਿ ਲੁੱਟ ਕੇ ਲੈ ਗਏ| ਪਰਿਵਾਰ ਦਾ ਮੁਖੀ ਰਣਜੀਤ ਸਿੰਘ ਤੇ ਹੋਰ ਜੀਅ ਘਰ ਅੰਦਰ ਸੌਂ ਰਹੇ ਸਨ ਕਿ ਅੱਧੀ ਰਾਤ ਨੂੰ ਚਾਰ ਹਥਿਆਰਬੰਦ ਨਕਾਬਪੋਸ਼ ਲੁਟੇਰੇ ਮਕਾਨ ਦੇ ਮੇਨ ਗੇਟ ਦੇ ਤਾਲੇ ਤੋੜ ਕੇ ਘਰ ਅੰਦਰ ਦਾਖਲ ਹੋਏ| ਉਨ੍ਹਾਂ ਜੀਆਂ ਨੂੰ ਪਿਸਤੌਲ ਦੀ ਨੋਕ ’ਤੇ ਰੌਲਾ ਪਾਉਣ ’ਤੇ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ| ਲੁਟੇਰਿਆਂ ਨੇ ਰਣਜੀਤ ਸਿੰਘ, ਉਸਦੀ ਪਤਨੀ ਤੇ ਮਾਤਾ ਦੇ ਪਰਸਾਂ ਵਿੱਚੋਂ 55,000 ਰੁਪਏ ਤੋਂ ਇਲਾਵਾ ਅਲਮਾਰੀਆਂ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਲੁੱਟ ਕੇ ਘਰ ਦੇ ਪਿਛਲੇ ਪਾਸਿਓਂ ਖੇਤਾਂ ’ਚ ਦੀ ਆਰਾਮ ਨਾਲ ਫਰਾਰ ਹੋ ਗਏ| ਲੁਟੇਰਿਆਂ ਕੋਲ ਪਿਸਤੌਲ, ਦਾਤਰ, ਕਿਰਚ ਆਦਿ ਤੇਜ਼ਧਾਰ ਹਥਿਆਰ ਸਨ|
ਝਬਾਲ ਪੁਲੀਸ ਨੇ ਧਾਰਾ 394, 506, 34 ਫੌਜਦਾਰੀ, ਅਸਲਾ ਐਕਟ ਦੀ ਧਾਰਾ 25, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ| ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ| ਇਸ ਵਾਰਦਾਤ ਤੋਂ ਇਲਾਵਾ ਲੁਟੇਰਿਆਂ ਲਈ ਇਕ ਨਿੱਘਾ-ਬਿਸਤਰ ਕਰਕੇ ਜਾਣੀ ਜਾਂਦੀ ਤਰਨ ਤਾਰਨ-ਖਡੂਰ ਸਾਹਿਬ ਸੜਕ ਦੇ ਪਿੰਡ ਕਲੇਰ ਨੇੜਿਓਂ ਮੋਟਰਸਾਈਕਲ ਵਾਲੇ ਦੋ ਜਣੇ ਭੱਠਾ ਮਾਲਕ ਨੂੰ ਤੇਜ਼ਧਾਰ ਹਥਿਆਰ ਨਾਲ ਗੰਭੀਰ ਜ਼ਖ਼ਮੀ ਕਰਕੇ ਉਸ ਕੋਲੋਂ 15,300 ਰੁਪਏ, ਆਧਾਰ ਕਾਰਡ, ਜ਼ਰੂਰੀ ਦਸਤਾਵੇਜ਼ ਆਦਿ ਲੁੱਟ ਕੇ ਫਰਾਰ ਹੋ ਗਏ| ਭੱਠਾ ਮਾਲਕ ਅਰੁਣਜੀਤ ਸਿੰਘ ਵਾਸੀ ਬੁੱਘਾ ਆਪਣੇ ਮੋਟਰਸਾਈਕਲ ’ਤੇ ਆਪਣੇ ਕਲੇਰ ਸਥਿਤ ਭੱਠੇ ਤੇ ਮੋਟਰਸਾਈਕਲ ’ਤੇ ਜਾ ਰਿਹਾ ਸੀ| ਜਿਵੇਂ ਹੀ ਉਹ ਪੰਡੋਰੀ ਗੋਲਾ ਤੋਂ ਥੋੜ੍ਹਾ ਅੱਗੇ ਲੰਘਿਆ ਤਾਂ ਉਸ ਦੇ ਪਿੱਛੋਂ ਮੋਟਰਸਾਇਕਲ ’ਤੇ ਆਏ ਲੁਟੇਰਿਆਂ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਉਸ ਨੂੰ ਰੋਕ ਲਿਆ ਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਜ਼ਖ਼ਮੀ ਕਰ ਦਿੱਤਾ| ਅਰੁਣਜੀਤ ਸਿੰਘ ਖੁਦ ਨੂੰ ਸੰਭਾਲ ਰਿਹਾ ਸੀ ਕਿ ਇੰਨੇ ਨੂੰ ਲੁਟੇਰੇ ਉਸ ਦੀ ਜੇਬ ’ਚੋਂ ਪਰਸ ਖਿੱਚ ਕੇ ਫਰਾਰ ਹੋ ਗਏ| ਪਰਸ ਵਿੱਚ 15,300 ਰੁਪਏ ਤੇ ਹੋਰ ਦਸਤਾਵੇਜ਼ ਸਨ| ਥਾਣਾ ਸਦਰ ਦੇ ਅਧਿਕਾਰੀ ਏਐੱਸਆਈ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ|
ਚੋਰ ਸਮਝ ਕੇ ਮਜ਼ਦੂਰ ਨੂੰ ਫੈਂਟੀ ਚਾੜ੍ਹੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਇਕ ਮਜ਼ਦੂਰ ਨੂੰ ਲੋਕਾਂ ਨੇ ਚੋਰ ਸਮਝ ਕੇ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ, ਜਦੋਂ ਉਹ ਫੈਕਟਰੀ ਜਾਣ ਦਾ ਰਾਹ ਪੁੱਛ ਰਿਹਾ ਸੀ। ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਪਹਿਲਾਂ ਉਸ ਦੇ ਹੱਥ-ਪੈਰ ਬੰਨ੍ਹੇ ਤੇ ਫਿਰ ਉਸ ਦੀ ਕੁੱਟਮਾਰ ਕੀਤੀ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇਖਣ ਮਗਰੋਂ ਪਤਾ ਲੱਗਾ ਕਿ ਦੁਕਾਨ ਦਾ ਜਿੰਦਰਾ ਤੋੜਨ ਵਾਲਾ ਕੋਈ ਹੋਰ ਵਿਅਕਤੀ ਸੀ। ਇਥੋਂ ਦੇ ਸਰਾਭਾ ਨਗਰ ’ਚ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦਾ ਜਿੰਦਰਾ ਟੁੱਟਾ ਮਿਲਿਆ। ਜਦੋਂ ਉਹ ਸਵੇਰੇ ਦਫਤਰ ਪਹੁੰਚਿਆ ਤਾਂ ਸ਼ਟਰ ਦਾ ਜਿੰਦਰਾ ਟੁੱਟਾ ਹੋਣ ਕਾਰਨ ਉਹ ਆਲੇ-ਦੁਆਲੇ ਦੇਖਣ ਲੱਗ ਪਿਆ। ਇਸੇ ਦੌਰਾਨ ਮੋਢੇ ’ਤੇ ਬੈਗ ਟੰਗੀ ਇਕ ਮਜ਼ਦੂਰ ਉਥੋਂ ਲੰਘਿਆ, ਜਿਹੜਾ ਲੋਕਾਂ ਨੂੰ ਪੁੱਛ ਰਿਹਾ ਸੀ ਕਿ ਉਸ ਨੇ ਕਬੂਲਪੁਰ-ਧੋਗੜੀ ਰੋਡ ’ਤੇ ਜਾਣਾ ਹੈ। ਪਰ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਮਜ਼ਦੂਰ ਵਾਸਤੇ ਪਾਉਂਦਾ ਰਿਹਾ ਕਿ ਉਸ ਨੇ ਚੋਰੀ ਨਹੀਂ ਕੀਤੀ, ਉਹ ਤਾਂ ਫੈਕਟਰੀ ’ਚ ਕੰਮ ਕਰਨ ਲਈ ਆਇਆ ਹੈ ਤੇ ਪਠਾਨਕੋਟ ’ਚ ਉਸ ਨੂੰ ਫੈਕਟਰੀ ਮਾਲਕ ਨੇ ਲੈਣ ਆਉਣਾ ਸੀ ਪਰ ਉਹ ਨਹੀਂ ਆਇਆ।