ਪੱਤਰ ਪ੍ਰੇਰਕ
ਕਾਹਨੂੰਵਾਨ, 14 ਜਨਵਰੀ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਵਿੱਚ ਲੋਹੜੀ ਵਾਲੀ ਰਾਤ ਨੂੰ ਲੁਟੇਰਿਆਂ ਵੱਲੋਂ ਇਕ ਪਰਿਵਾਰ ਨੂੰ ਪਸਤੌਲ ਦੀ ਨੋਕ ਤੇ ਬੰਧਕ ਬਣਾ ਕੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰ ਦੇ ਮੁਖੀ ਗੁਰਦੀਪ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਲੋਹੜੀ ਦੀ ਰਾਤ ਨੂੰ ਪਤਨੀ ਅਤੇ ਇਕ ਰਿਸ਼ਤੇਦਾਰ ਲੜਕੀ ਸਮੇਤ ਘਰ ਵਿਚ ਮੌਜੂਦ ਸੀ। ਇਸ ਦੌਰਾਨ ਚਾਰ ਨੌਜਵਾਨ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਇਸ ਮੌਕੇ ਉਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਸਮੇਤ ਉਸ ਦੀ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਘਰ ਵਿਚ ਪਈ 75 ਹਜ਼ਾਰ ਰੁਪਏ ਦੀ ਨਕਦੀ, ਇਕ ਐੱਲਸੀਡੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਜਾਂਦੇ ਸਮੇਂ ਘਰ ਵਿਚ ਖੜ੍ਹੀ ਸਵਿਫ਼ਟ ਕਾਰ ਅਤੇ ਮੋਪਿਡ ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।