ਬੇਅੰਤ ਸਿੰਘ ਸੰਧੂ
ਪੱਟੀ, 31 ਦਸੰਬਰ
ਇਲਾਕੇ ਦੇ ਪਿੰਡ ਮੌੜ ਚੂਸਲੇਵੜ ਸਥਿਤ ਗੁਰਦੁਆਰਾ ਬਾਬਾ ਚਰਨਦਾਸ ’ਤੇ ਬੀਤੀ ਰਾਤ ਦਲ ਪੰਥ ਝਾੜ ਸਾਹਿਬ ਵਾਲੇ ਨਿਹੰਗਾਂ ਵੱਲੋਂ ਕਬਜ਼ਾ ਕੀਤੇ ਜਾਣ ਦੇ ਵਿਰੋਧ ਵਜੋਂ ਨੇੜਲੇ ਬਾਜ਼ਾਰ ਬੰਦ ਰਹੇ ਅਤੇ ਲੋਕਾਂ ਨੇ ਡੀਐੱਸਪੀ ਪੱਟੀ ਅਤੇ ਐੱਸਐੱਚਓ ਸਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸਥਾਨਕ ਪੁਲੀਸ ਕਾਬਜ਼ਕਾਰ ਨਿਹੰਗਾਂ ਨਾਲ ਰਲ ਕੇ ਇਲਾਕੇ ਅੰਦਰ ਮਾਹੌਲ ਖਰਾਬ ਕਰ ਰਹੀ ਹੈ।
ਇਸ ਘਟਨਾ ਸਬੰਧੀ ਸਰਪੰਚ ਨਰਿੰਦਰ ਸਿੰਘ ਚੂਸਲੇਵੜ, ਸਰਪੰਚ ਹਰਜਿੰਦਰ ਸਿੰਘ ਬੋਪਾਰਾਏ, ਸਤਬੀਰ ਸਿੰਘ ਰੰਮੀ ਸਰਪੰਚ ਠੱਕਰਪੁਰਾ, ਕਾਂਗਰਸੀ ਆਗੂ ਨਿਰਭੈ ਸਿੰਘ ਚੀਮਾ, ਸਿਰਲੱਥ ਫੌਜ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਅਤੇ ਸਾਬਕਾ ਸਰਪੰਚ ਰਸਾਲ ਸਿੰਘ ਨੇ ਪੁਲੀਸ ’ਤੇ ਦੋਸ਼ ਲਗਾਇਆ ਕਿ ਨਿਹੰਗ ਕਾਬਜ਼ਕਾਰਾਂ ਨੇ ਪੁਲੀਸ ਦੀ ਮਿਲੀਭੁਗਤ ਨਾਲ ਕਬਜ਼ਾ ਕਰ ਕੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਧਰਮ ਸਿੰਘ, ਉਸ ਦੇ ਇੱਕ ਲੜਕੇ, ਦੋ ਛੋਟੇ ਬੱਚਿਆਂ ਤੋਂ ਇਲਾਵਾ ਤਿੰਨ ਔਰਤਾਂ ਨੂੰ ਅਗਵਾ ਕੀਤਾ ਅਤੇ ਇੱਕ ਹੋਰ ਸੇਵਾਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਕਤ ਜ਼ਖ਼ਮੀ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਗਵਾ ਕੀਤੇ ਗਏ ਸੱਤ ਵਿਅਕਤੀਆਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਕਾਬਜ਼ਕਾਰਾਂ ਦੇ ਨਾਲ ਡੀਐੱਸਪੀ ਪੱਟੀ ਕੁਲਜਿੰਦਰ ਸਿੰਘ ਤੇ ਐੱਸਐੱਚਓ ਸਦਰ ਪੱਟੀ ਵੀ ਜ਼ਿੰਮੇਵਾਰ ਹੋਣਗੇ।
ਇਸ ਸਬੰਧੀ ਡੀਐੱਸਪੀ ਪੱਟੀ ਨੇ ਕਿਹਾ ਕਿ ਉਹ ਦੋਹਾਂ ਪਾਰਟੀਆਂ ਦਰਮਿਆਨ ਸਮਝੌਤਾ ਕਰਵਾਉਣ ਦਾ ਯਤਨ ਕਰ ਰਹੇ ਹਨ ਪਰ ਉਨ੍ਹਾਂ ਕਿਸੇ ਵਿਅਕਤੀ ਦੇ ਅਗਵਾ ਅਤੇ ਜ਼ਖ਼ਮੀ ਹੋਣ ਸਬੰਧੀ ਕਾਨੂੰਨੀ ਕਾਰਵਾਈ ਕਰਨ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ।
ਉੱਧਰ, ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਇਲਾਕੇ ਦੇ ਕਾਂਗਰਸੀ ਸਰਪੰਚ ਨਰਿੰਦਰ ਸਿੰਘ ਚੂਸਲੇਵੜ, ਸਰਪੰਚ ਹਰਜਿੰਦਰ ਸਿੰਘ ਬੋਪਾਰਾਏ, ਸਰਪੰਚ ਸਤਬੀਰ ਸਿੰਘ ਰੰਮੀ ਠੱਕਰਪੁਰਾ, ਕਾਂਗਰਸੀ ਆਗੂ ਨਿਰਭੈ ਸਿੰਘ ਚੀਮਾ ਨੇ ਕਾਂਗਰਸੀ ਪਾਰਟੀ ਤੋਂ ਅਸਤੀਫਾ ਦਿੰਦਿਆਂ ਕਿਹਾ ਕਿ ਉਹ ਗੁਰਦੁਆਰੇ ਨੂੰ ਨਿਹੰਗਾਂ ਤੋਂ ਮੁਕਤ ਕਰਵਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਲੜਾਈ ਲੜਨਗੇ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮਾਮਲੇ ’ਤੇ ਇਲਾਕੇ ਦੇ ਕੁਝ ਹੋਰ ਕਾਂਗਰਸੀ ਸਰਪੰਚ ਅਤੇ ਵੱਡੇ ਆਗੂ ਕਾਂਗਰਸ ਪਾਰਟੀ ਛੱਡ ਸਕਦੇ ਹਨ।