ਪੱਤਰ ਪ੍ਰੇਰਕ
ਤਰਨ ਤਾਰਨ, 26 ਫਰਵਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਤਰਨ ਤਾਰਨ ਦੇ ਯੂਕਰੇਨ ਅਤੇ ਨੇੜਲੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਰੂਸ-ਯੂਕਰੇਨ ਲੜਾਈ ਕਾਰਨ ਉੱਥੇ ਫਸੇ 24 ਵਸਨੀਕਾਂ ਦੀ ਸ਼ਨਾਖਤ ਕੀਤੀ ਹੈ। ਇਨ੍ਹਾਂ ਵਿੱਚੋਂ 23 ਵਿਦਿਆਰਥੀ ਸਟੱਡੀ ਲਈ ਅਤੇ ਇੱਕ ਵਿਅਕਤੀ ਕੰਮ ਲਈ ਉੱਥੇ ਗਿਆ ਹੈ। ਇਹ ਜਾਣਕਾਰੀ ਡੀਸੀ ਕੁਲਵੰਤ ਸਿੰਘ ਨੇ ਅੱਜ ਪ੍ਰਮੁੱਖ ਸਕੱਤਰ, ਪੰਜਾਬ ਵੱਲੋਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਗਈ ਵੀਡੀਓ ਕਾਨਫਰੰਸ ਉਪਰੰਤ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਪਿੰਡਾਂ ਦੇ ਨਿਵਾਸੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਉੱਥੇ ਫਸੇ ਹੋਣ ਬਾਰੇ ਜਾਣਕਾਰੀ ਦਿੱਤੀ ਹੈ।
ਆਦਮਪੁਰ ਦੋਆਬਾ (ਜਲੰਧਰ) (ਪੱਤਰ ਪ੍ਰੇਰਕ): ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਦੀ ਮਦਦ ਲਈ 247 ਹੈਲਪਲਾਈਨ ਨੰਬਰ 1100 ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਵਿੱਚ ਫਸੇ ਹੋਏ ਹਨ। ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਲਈ ਨੰਬਰ 91-172-4111905 ਜਾਰੀ ਗਿਆ ਕੀਤਾ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਦਦ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ ਲੋਕਾਂ ਵੱਲੋਂ 39 ਕਾਲਾਂ ਦੇ ਜ਼ਰੀਏ ਯੂਕਰੇਨ ਵਿੱਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵੱਲੋਂ ਇਕੱਤਰ ਜਾਣਕਾਰੀ ਸੂਬਾ ਸਰਕਾਰ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਡੀਸੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰਾਂ ’ਤੇ ਜ਼ਿਲ੍ਹੇ ਦੇ ਕੁੱਝ ਵਿਅਕਤੀਆਂ ਨੇ ਸੰਪਰਕ ਕਰ ਕੇ ਯੂਕਰੇਨ ਵਿੱਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 20 ਲੋਕਾਂ ਦੀ ਸੂਚੀ ਸਕੱਤਰ ਗ੍ਰਹਿ ਵਿਭਾਗ, ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਤੇ ਹੋਰ ਲੋਕਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਪ੍ਰਸ਼ਾਸਨ ਨੇ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਸਬੰਧੀ ਸੂਚਨਾ ਹੈਲਪਲਾਈਨ ਨੰਬਰਾਂ 01882-220301 ਅਤੇ ਮੋਬਾਈਲ ਨੰਬਰ 94173-55560 ’ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡੀਸੀ ਦਫ਼ਤਰ ਦੇ ਕਮਰਾ ਨੰਬਰ 105 ਵਿੱਚ ਕੰਮ-ਕਾਜ ਸਮੇਂ ਦੌਰਾਨ ਵੀ ਜਾਣਕਾਰੀ ਦੇ ਸਕਦੇ ਹਨ।
ਅੰਮ੍ਰਿਤਸਰ ਵਿੱਚ 24 ਘੰਟੇ ਕੰਮ ਕਰੇਗਾ ਕੰਟਰੋਲ ਰੂਮ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਯੂਕਰੇਨ ਵਿੱਚ ਫਸੇ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਵਿੱਚ ਸ਼ੁਰੂ ਕੀਤੀ ਗਈ ਹੈਲਪਲਾਈਨ ਨੂੰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਕਰ ਕੇ ਇਸ ਨੂੰ 24 ਘੰਟੇ ਕੰਮ ਕਰਨ ਵਾਲੇ ਕੰਟਰੋਲ ਰੂਮ ਵਿੱਚ ਤਬਦੀਲ ਕਰ ਦਿੱਤਾ ਹੈ। ਸ੍ਰੀ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਯੂਕਰੇਨ ਵਿੱਚ ਫਸੇ ਹੋਏ ਵਿਅਕਤੀਆਂ ਦੀ ਸੂਚਨਾ ਇਸ ਲਈ ਇਕੱਤਰ ਕੀਤੀ ਜਾ ਰਹੀ ਹੈ ਤਾਂ ਜੋ ਰਾਜ ਸਰਕਾਰ ਰਾਹੀਂ ਵਿਦੇਸ਼ ਮੰਤਰਾਲੇ ਨੂੰ ਭੇਜ ਕੇ ਉਨ੍ਹਾਂ ਦੀ ਵਾਪਸੀ ਦੇ ਪ੍ਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੂਚਨਾ ਫੋਨ ਨੰਬਰ 0183-2560398, 0183-2560498 ਅਤੇ email id: ukrainehelplineasr@gmail.com ਉੱਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਵਿੱਚ ਯੂਕਰੇਨ ਗਏ ਵਿਅਕਤੀ ਦਾ ਨਾਂ, ਪਿਤਾ ਦਾ ਨਾਂ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਂ, ਯੂਕਰੇਨ ਵਿੱਚ ਉਨ੍ਹਾਂ ਦੀ ਰਿਹਾਇਸ਼ ਦਾ ਪਤਾ ਆਦਿ ਸਮੇਤ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ।