ਐੱਨਪੀ ਧਵਨ
ਪਠਾਨਕੋਟ, 24 ਜੂਨ
ਸ਼ਰਾਬ ਠੇਕੇਦਾਰ ਦੇ ਜਨਰਲ ਮੈਨੇਜਰ ਦੀਆਂ ਕਥਿਤ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਅਧੀਨ ਕੰਮ ਕਰਨ ਵਾਲੇ ਧਾਰੀਵਾਲ ਵਾਸੀ ਸੌਰਵ ਮਹਾਜਨ ਨੇ ਪਠਾਨਕੋਟ ਦੇ ਇੱਕ ਹੋਟਲ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਨੁਸਾਰ ਜਨਰਲ ਮੈਨੇਜਰ ਸੌਰਭ ਤੁਲੀ ਖਿਲਾਫ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਥਾਣਾ ਡਵੀਜ਼ਨ ਨੰਬਰ 1, ਪਠਾਨਕੋਟ ਦੀ ਟੀਮ ਵਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਸੌਰਵ ਮਹਾਜਨ (36) ਦੀ ਪਤਨੀ ਰਜਨੀ ਮਹਾਜਨ ਨੇ ਕਿਹਾ ਕਿ ਉਸ ਦਾ ਪਤੀ ਪਿਛਲੇ 1 ਸਾਲ ਤੋਂ ਡੇਰਾ ਬਾਬਾ ਨਾਨਕ ਸਰਕਲ ਰਾਜਿੰਦਰ ਵਾਈਨ ਕੰਪਨੀ ਵਿੱਚ ਬਤੌਰ ਅਕਾਊਂਟੈਂਟ ਕੰਮ ਕਰ ਰਿਹਾ ਸੀ। ਵਾਈਨ ਕੰਪਨੀ ਦਾ ਜਨਰਲ ਮੈਨੇਜਰ ਪਿਛਲੇ 3 ਦਿਨਾਂ ਤੋਂ ਉਸ ਦੇ ਪਤੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਅੱਗੇ ਕਿਹਾ ਕਿ ਉਸ ਦੇ ਪਤੀ ਉਪਰ 50 ਹਜ਼ਾਰ ਰੁਪਏ ਦੀ ਹੇਰਾਫੇਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਸੀ ਜਿਸ ਕਾਰਨ ਉਸ ਦਾ ਪਤੀ ਕਾਫੀ ਪ੍ਰੇਸ਼ਾਨ ਸੀ ਅਤੇ ਉਸ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਸ਼ਾਮ 5 ਵਜੇ ਉਸ ਦੇ ਪਤੀ ਨਾਲ ਉਸ ਦੀ ਫੋਨ ’ਤੇ ਗੱਲ ਵੀ ਹੋਈ ਸੀ ਤਦ ਤੱਕ ਉਸ ਦਾ ਪਤੀ ਬਿਲਕੁਲ ਠੀਕ ਠਾਕ ਸੀ ਪਰ ਉਸ ਦੇ ਪਤੀ ਨੂੰ ਜਨਰਲ ਮੈਨੇਜਰ ਦਾ ਫੋਨ ਜਾਣ ਬਾਅਦ ਉਹ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਡੀਐੱਸਪੀ ਰਾਜਿੰਦਰ ਮਨਹਾਸ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਮੈਨੇਜਰ ਵਿਰੁੱਧ ਕੇਸ ਦਰਜ ਕਰ ਲਿਆ ਹੈ।