ਪੱਤਰ ਪ੍ਰੇਰਕ
ਤਰਨ ਤਾਰਨ, 13 ਜੁਲਾਈ
ਭਿੱਖੀਵਿੰਡ ਮੰਡਲ ਅਧੀਨ ਆਉਂਦੇ ਉਪ ਮੰਡਲ ਅਮਰਕੋਟ ਵਿੱਚ ਕੰਮ ਕਰਦੇ ਇੱਕ ਲਾਈਨਮੈਨ ਦਿਲਬਾਗ ਸਿੰਘ ਦੀਆਂ ਸੇਵਾਵਾਂ ਡਿਊਟੀ ਕਰਦਿਆਂ ਅਣਗਹਿਲੀ ਵਰਤਣ ਦੇ ਦੋਸ਼ ਅਧੀਨ ਬੀਤੇ ਦਿਨ ਬੁੱਧਵਾਰ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ| ਦਿਲਬਾਗ ਸਿੰਘ ਨੇ ਇਲਾਕੇ ਦੇ ਪਿੰਡ ਵਲਟੋਹਾ ਦੇ ਇੱਕ ਕਿਸਾਨ ਗੁਰਦੇਵ ਸਿੰਘ ਤੋਂ ਉਸਦਾ 10 ਕੇ ਵੀ ਏ ਦਾ ਸਿੰਗਲ ਫੇਜ਼ ਸੜਿਆ ਹੋਇਆ ਟਰਾਂਸਫਾਰਮਰ ਬਦਲਣ ਲਈ 5000 ਰੁਪਏ ਦੀ ਮੰਗ ਕੀਤੀ ਸੀ| ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ ਜਿਸ ਦੀ ਅਦਾਰੇ ਵੱਲੋਂ ਮੁੱਢਲੀ ਜਾਂਚ ਕਰਵਾਉਣ ਉਪਰੰਤ ਦਿਲਬਾਗ ਸਿੰਘ ਨੂੰ ਬੀਤੇ ਕੱਲ੍ਹ ਸੇਵਾਵਾਂ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ| ਮੁਅੱਤਲੀ ਦੇ ਸਮੇਂ ਦੌਰਾਨ ਕਰਮਚਾਰੀ ਦਿਲਬਾਗ ਸਿੰਘ ਦਾ ਹੈੱਡ ਕੁਆਰਟਰ ਅਦਾਰੇ ਦੇ ਵਧੀਕ ਨਿਗਰਾਨ ਇੰਜੀਨੀਅਰ ਰਈਆ (ਸੰਚਾਲਨ) ਦੇ ਦਫ਼ਤਰ ਦਾ ਹੋਵੇਗਾ| ਅਦਾਰੇ ਦੇ ਤਰਨ ਤਾਰਨ ਸਰਕਲ ਦੇ ਡਿਪਟੀ ਚੀਫ਼ ਇੰਜਨੀਅਰ ਨੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਸਲਾਹ ਦਿੱਤੀ ਹੈ|