ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 17 ਮਈ
ਇੱਥੋਂ ਦੀ ਮੰਡੀ ਵਿੱਚ ਅੱਜ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਖਰੀਦ ਏਜੰਸੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਖਰੀਦ ਨੂੰ ਲੱਗਭੱਗ ਇੱਕ ਮਹੀਨੇ ਤੋਂ ਉਪਰ ਸਮਾਂ ਹੋ ਚੁੱਕਿਆ ਹੈ ਪਰ ਖਰੀਦ ਏਜੰਸੀਆਂ ਕਣਕ ਦੀ ਲਿਫਟਿੰਗ ਨਹੀਂ ਕਰਵਾ ਰਹੀਆਂ। ਇਸ ਕਾਰਨ ਮਜ਼ਦੂਰਾਂ ਨੂੰ ਵੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਵਾਲਾ ਠੇਕੇਦਾਰ ਅਤੇ ਖਰੀਦ ਏਜੰਸੀਆਂ ਕਣਕ ਨਹੀਂ ਚੁੱਕ ਰਹੇ। ਉਨ੍ਹਾਂ ਠੇਕੇਦਾਰ ’ਤੇ ਰਿਸ਼ਵਤ ਮੰਗਣ ਦਾ ਦੋਸ਼ ਵੀ ਲਾਇਆ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਨੇ ਕਿਹਾ ਕਿ ਕਣਕ ਦਾ ਲੱਗਭੱਗ ਡੇਢ ਲੱਖ ਕੱਟਾ ਖੁੱਲੇ ਅਸਮਾਨ ਥੱਲੇ ਪਿਆ ਹੋਇਆ ਹੈ।
ਆੜ੍ਹਤੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਲਦੀ ਜੰਡਿਆਲਾ ਗੁਰੂ ਮੰਡੀ ਵਿੱਚੋਂ ਕਣਕ ਨਾ ਚੁੱਕੀ ਗਈ ਤਾਂ ਖਰੀਦ ਏਜੰਸੀਆਂ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ।
ਇਸ ਸਬੰਧੀ ਜਦੋਂ ਸਬੰਧਤ ਖਰੀਦ ਏਜੰਸੀ ਵੇਅਰਹਾਊਸ ਦੇ ਮੈਨੇਜਰ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿੱਧੀ ਡਿਲੀਵਰੀ ਕਰਕੇ ਸਮੱਸਿਆ ਆ ਰਹੀ ਹੈ। ਉਨ੍ਹਾਂ ਕੁਝ ਟੀਚੇ ਪੂਰੇ ਕਰਨੇ ਸਨ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਮਾਲ ਵੀ ਜਲਦੀ ਚੁਕਵਾ ਲਿਆ ਜਾਵੇਗਾ।