ਨਿੱਜੀ ਪੱਤਰ ਪ੍ਰੇਰਕ
ਬਟਾਲਾ, 3 ਅਕਤੂਬਰ
ਵਿਰਾਸਤੀ ਮੰਚ ਬਟਾਲਾ ਵੱਲੋਂ ਇਤਿਹਾਸਕ ਪਿੰਡ ਮਿਰਜ਼ਾਜਾਨ ’ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਲਾਇਬ੍ਰੇਰੀ ਤੇ ਮਿਊਜ਼ੀਅਮ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਪਿੰਡ ਮਿਰਜ਼ਾਜਾਨ ਦੀ ਪੰਚਾਇਤ ਵੱਲੋਂ ਦਿੱਤੀ ਗਈ ਥਾਂ ’ਤੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਭਰਾਤਾ ਸੁਖਦੇਵ ਸਿੰਘ ਰੰਧਾਵਾ ਵੱਲੋਂ ਪ੍ਰਾਜੈਕਟ ਦੀ ਉਸਾਰੀ ਕਰਵਾਈ ਜਾ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਪਿੰਡ ਮਿਰਜ਼ਾਜਾਨ ਨਾਲ ਜੁੜੇ ਇਤਿਹਾਸ ਬਾਰੇ ਗੱਲ ਕਰਦਿਆਂ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ 1715 ’ਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਾਨੌਰ ਤੇ ਬਟਾਲਾ ਦੀਆਂ ਜਿੱਤਾਂ ਦਰਜ ਕੀਤੀਆਂ ਤਾਂ ਮਗਰੋਂ ਪਿੰਡ ਮਿਰਜ਼ਾਜਾਨ ’ਚ ਬਾਬਾ ਜੀ ਨੇ ਇੱਕ ਕਿਲ੍ਹਾ ਬਣਾਇਆ। ਇਸ ਕਿਲ੍ਹੇ ’ਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖ਼ਾਲਸਾ ਫ਼ੌਜਾਂ ਦੀ ਮੁਗਲਾਂ ਫ਼ੌਜ ਨਾਲ ਜੰਗ ਹੋਈ ਤੇ ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਅਖੀਰ ਗੁਰਦਾਸ ਨੰਗਲ ਦੀ ਗੜ੍ਹੀ ’ਚ ਗਏ ਸਨ, ਜਿੱਥੋਂ ਕਈ ਮਹੀਨਿਆਂ ਦੀ ਘੇਰਾਬੰਦੀ ਮਗਰੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ। ਉਹ ਕਿਲ੍ਹਾ ਅਜੇ ਵੀ ਪਿੰਡ ਮਿਰਜ਼ਾਜਾਨ ਵਿਖੇ ਮੌਜੂਦ ਹੈ। ਇਸ ਲਾਇਬ੍ਰੇਰੀ ਤੇ ਮਿਊਜ਼ੀਅਮ ਬਣਾਉਣ ਦਾ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਤੋਂ ਸੰਗਤਾਂ ਤੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ।
ਮੰਚ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਲਾਇਬ੍ਰੇਰੀ ’ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸਬੰਧਤ ਸਾਰੀਆਂ ਕਿਤਾਬਾਂ ਤੋਂ ਇਲਾਵਾ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਵੀ ਰੱਖੀਆਂ ਜਾਣਗੀਆਂ। ਇਸ ਲਾਇਬ੍ਰੇਰੀ ਤੇ ਮਿਊਜ਼ੀਅਮ ਦੀ ਇਮਾਰਤ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਅੱਜ ਮੰਚ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਤੇ ਨੁਮਾਇੰਦੇ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਹਰਪ੍ਰੀਤ ਸਿੰਘ, ਠੇਕੇਦਾਰ ਮਨਜਿੰਦਰ ਸਿੰਘ ਬਿਜਲੀਵਾਲ ਤੇ ਮੰਚ ਦੇ ਹੋਰ ਮੈਂਬਰਾਂ ਨੇ ਪਿੰਡ ਮਿਰਜ਼ਾਜਾਨ ਵਿਖੇ ਪਹੁੰਚ ਕੇ ਕੰਮ ਦਾ ਜਾਇਜ਼ਾ ਲਿਆ।