ਪੱਤਰ ਪ੍ਰੇਰਕ
ਤਰਨ ਤਾਰਨ, 4 ਮਾਰਚ
ਖੁਸ਼ਹਾਲੀ ਦੇ ਰਾਖੇ (ਜੀਓਜੀ) ਨੇ ਜ਼ਿਲ੍ਹੇ ਦੇ ਪਿੰਡ ਤਲਵੰਡੀ ਬੁੱਧਸਿੰਘ ਦੀ ਪੰਚਾਇਤ ਵਲੋਂ ਆਪਣੇ ਹੀ ਪੱਧਰ ’ਤੇ ਪਿੰਡ ਦੇ ਸ਼ਮਸ਼ਾਨਘਾਟ ਦੀ ਥਾਂ ਬਦਲ ਦੇਣ ਖ਼ਿਲਾਫ਼ ਜ਼ਿਲ੍ਹਾ ਉੱਚ ਅਧਿਕਾਰੀਆਂ ਨੂੰ ਕਾਰਵਾਈ ਕੀਤੇ ਜਾਣ ਲਈ ਅਧਿਕਾਰਿਤ ਤੌਰ ’ਤੇ ਇਕ ਲਿਖਤੀ ਪੱਤਰ ਭੇਜਿਆ ਹੈ| ਜੀਓਜੀ ਦੇ ਜ਼ਿਲ੍ਹਾ ਮੁਖੀ ਕਰਨਲ (ਰਿਟਾਇਰ) ਏ. ਐਸ. ਗਿੱਲ ਅਤੇ ਸੰਸਥਾ ਦੇ ਤਹਿਸੀਲ ਮੁਖੀ ਕੈਪਟਨ ਪਰਗਟ ਸਿੰਘ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਪਿੰਡ ਤਲਵੰਡੀ ਬੁੱਧਸਿੰਘ ਦੀ ਪੰਚਾਇਤ ਵੱਲੋਂ ਬਿਨਾਂ ਕਿਸੇ ਸਮਰਥ ਅਧਿਕਾਰੀ ਜਾਂ ਫਿਰ ਕਿਸੇ ਵਿਭਾਗ ਦੀ ਪ੍ਰਵਾਨਗੀ ਲਏ ਬਿਨਾਂ ਹੀ ਪਿੰਡ ਦੇ ਸ਼ਮਸ਼ਾਨਘਾਟ ਦੀ ਥਾਂ ਬਦਲਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਦੀ ਚਾਰ ਦੀਵਾਰੀ ਦੀਆਂ ਇੱਟਾਂ ਅਤੇ ਹੋਰ ਸਮਾਨ ਆਦਿ ਨੂੰ ਗਾਇਬ ਕਰ ਦਿੱਤਾ ਗਿਆ ਹੈ ਅਤੇ ਹੁਣ ਜ਼ਮੀਨ ਦੀ ਮਿੱਟੀ ਵੇਚੀ ਜਾ ਰਹੀ ਹੈ| ਕਰਨਲ ਗਿੱਲ ਅਤੇ ਕੈਪਟਨ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਪਿੰਡ ਦੇ ਜੀਓਜੀ ਵਲੋਂ ਦਿੱਤੀ ਸ਼ਿਕਾਇਤ ਦੀ ਕੀਤੀ ਪੜਤਾਲ ਕਰਕੇ ਦੇਖਿਆ ਕਿ ਢਾਹ ਦਿੱਤੇ ਪਿੰਡ ਦੇ ਸ਼ਮਸ਼ਾਨਘਾਟ ਬਾਰੇ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਇਸ ਥਾਂ ਨੂੰ ਸਹੀ ਜਗ੍ਹਾ ਦੱਸਿਆ ਗਿਆ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕੋਈ ਸਪਸ਼ਟੀਕਰਣ ਨਹੀਂ ਦਿੱਤਾ|