ਗੁਰਬਖਸ਼ਪੁਰੀ
ਤਰਨ ਤਾਰਨ, 12 ਜੂਨ
ਕੌਮੀ ਸ਼ਾਹਰਾਹ ਨੰਬਰ 54 ’ਤੇ ਪਿੰਡ ਖੱਬੇ ਡੋਗਰਾਂ ਨੇੜੇ ਹੋਏ ਸੜਕ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ ਜਿਸ ਦੀ ਪਛਾਣ ਸੰਦੀਪ ਕੌਰ (33) ਦੇ ਤੌਰ ’ਤੇ ਕੀਤੀ ਗਈ ਹੈ| ਉਹ ਨਰਸਿੰਗ ਕਾਲਜ ਗੋਇੰਦਾਵਾਲ ਸਾਹਿਬ ਵਿੱਚ ਲੈਕਚਰਾਰ ਸੀ|
ਸੰਦੀਪ ਕੌਰ ਕਾਲਜ ਵਿੱਚ ਛੁੱਟੀ ਹੋਣ ਮਗਰੋਂ ਆਪਣੀ ਮੋਪੇਡ ’ਤੇ ਵਾਪਸ ਆ ਰਹੀ ਸੀ ਕਿ ਖੱਬੇ ਡੋਗਰਾਂ ਨੇੜੇ ਕੋਈ ਵਾਹਨ ਉਸ ਨੂੰ ਫੇਟ ਮਾਰ ਕੇ ਸੁੱਟ ਗਿਆ। ਉਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਈ।
ਇਸ ਬਾਰੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਨਾ ਉਸ ਦੇ ਮੋਬਾਈਲ ਤੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦਿੱਤੀ ਗਈ। ਸਥਾਨਕ ਥਾਣਾ ਸਦਰ ਦੀ ਪੁਲੀਸ ਦੇ ਅਧਿਕਾਰੀ ਨੇ ਏਐਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਫ਼ਾ 304-ਏ, 279, 427 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ|