ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 4 ਅਗਸਤ
ਪਿਛਲੀਆਂ ਅਦਾਇਗੀਆਂ ਅਤੇ ਗੰਨੇ ਦਾ ਭਾਅ ਵਧਾਉਣ ਦੇ ਮੁੱਦਿਆਂ ਨੂੰ ਲੈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਆਗੂ ਬਲਵਿੰਦਰ ਸਿੰਘ ਰਾਜੂ ਅਤੇ ਕੰਵਲਜੀਤ ਸਿੰਘ ਪੰਡੋਰੀ ਨੇ ਸਾਥੀਆਂ ਸਮੇਤ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਗੰਨੇ ਦੀ ਖੇਤੀ ਵੱਲ ਵੱਧ ਤਵੱਜ਼ੋ ਦੇਣ ਦੀ ਲੋੜ ਹੈ। ਜੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਨੂੰ ਜੋੜਨਾ ਹੈ ਅਤੇ ਰਵਾਇਤੀ ਕਣਕ ਝੋਨੇ ਦੀ ਖੇਤੀ ਦੇ ਜੰਜਾਲ ਚੋਂ ਕੱਢਣਾ ਹੈ ਤਾਂ ਗੰਨੇ ਅਤੇ ਹੋਰ ਖੇਤੀ ਦੀਆਂ ਫ਼ਸਲਾਂ ਨਾਲ ਜੋੜਨ ਲਈ ਵਧੀਆ ਕੀਮਤਾਂ ਅਤੇ ਤੁਰੰਤ ਅਦਾਇਗੀ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਵਿੱਚ ਫ਼ਸਲਾਂ ਦੀ ਖ਼ਰੀਦ ਕਰਨੀ ਪਵੇਗੀ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੇ ਮਸਲਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਕੇਂਦਰੀ ਵਿੱਤ ਮੰਤਰੀ ਨਾਲ ਵੀ ਮੰਗਾਂ ਵਿਚਾਰਾਂ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਲਖਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਸਤਨਾਮ ਸਿੰਘ ਔਲਖ, ਸੋਨੂੰ ਚੱਢਾ, ਗੀਤਾ ਭੇਟ, ਜਸਪਾਲ ਸਿੰਘ ਬਿੱਟੂ, ਕਸ਼ਮੀਰ ਸਿੰਘ ਤੁਗਲਵਾਲ, ਗੁਰਦੇਵ ਸਿੰਘ ਕਾਹਨੂੰਵਾਨ, ਮਨੋਹਰ ਸਿੰਘ, ਬਲਕਾਰ ਸਿੰਘ ਤੱਗੜ, ਨੰਬਰਦਾਰ ਦਲੀਪ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਡੇਹਰੀਵਾਲ, ਬਲਵਿੰਦਰ ਸਿੰਘ, ਗੁਰਮੇਜ ਸਿੰਘ, ਹਰਜੀਤ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।