ਦਲੇਰ ਸਿੰਘ ਚੀਮਾ
ਭੁਲੱਥ, 3 ਸਤੰਬਰ
ਹਲਕਾ ਭੁਲੱਥ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਭਾਵੇਂ ਪੰਜਾਬ ਪੱਧਰ ’ਤੇ ਲੋਕਾਂ ਵਿੱਚ ਆਪੋ ਆਪਣੀ ਧਾਕ ਜਮਾਉਣ ਲਈ ਲੱਗੇ ਹੋਏ ਹਨ ਪਰ ਇਲਾਕੇ ਦੀਆਂ ਸਮੱਸਿਆਵਾਂ ਲਈ ਉਨ੍ਹਾਂ ਕੋਲ ਸਮਾਂ ਨਹੀਂ ਹੈ। ਇਲਾਕੇ ਦੀਆਂ ਟੁੱਟੀਆਂ ਸੜਕਾਂ, ਫੇਲ੍ਹ ਹੋਏ ਸੀਵਰੇਜ ਸਿਸਟਮ, ਸੜਕਾਂ ਉਤੇ ਘਾਹ ਤੇ ਬੂਟੀਆਂ ਦੇ ਬਣੇ ਜੰਗਲ ਬੇਲੇ, ਸਰਕਾਰੀ ਦਫਤਰਾਂ ਵਿਚ ਕਰਮਚਾਰੀਆਂ ਦੀ ਘਾਟ ਅਤੇ ਭ੍ਰਿਸ਼ਟਾਚਾਰ ਰੋਕਣ ਵੱਲ ਉਨ੍ਹਾਂ ਦਾ ਧਿਆਨ ਨਹੀਂ ਹੈ ਕਿਉਂਕਿ ਉਹ ਪੰਜਾਬ ਮਸਲਿਆਂ ਵਿੱਚ ਜ਼ਿਆਦਾ ਰੁੱਝੇ ਹੋਏ ਹਨ। ਉਧਰ ਸੱਤਾਧਾਰੀ ਪਾਰਟੀ ਵੀ ਵੱਡੇ ਪੱਧਰ ’ਤੇ ਧੜੇਬੰਦੀ ਦਾ ਸ਼ਿਕਾਰ ਹੋਣ ਹੋਈ ਪਈ ਹੈ। ਇਥੇ ਆਪੋ-ਆਪਣੇ ਪੈਰ ਜਮਾਉਣ ਲਈ ਜਿਥੇ ਰਣਜੀਤ ਸਿੰਘ ਰਾਣਾ ਜੋ ਭੁਲੱਥ ਤੋਂ ਕਾਂਗਰਸੀ ਟਿਕਟ ’ਤੇ ਚੋਣ ਹਾਰ ਚੁੱਕੇ ਹਨ ਤੇ ਉਥੇ ਦੂਜੇ ਪਾਸੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿੱਚ ਵਾਪਸ ਚਲੇ ਗਏ ਹਨ ਤੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਅਮਨਦੀਪ ਸਿੰਘ ਗੋਰਾ ਗਿੱਲ ਕਾਂਗਰਸ ਦੇ ਦੂਜੇ ਧੜੇ ਦੀ ਪ੍ਰਤੀਨਿਧਤਾ ਕਰ ਰਹੇ ਹਨ। ਭੁਲੱਥ ਕਸਬੇ ਵਿਚ ਪਿਛਲੇ ਦਿਨਾਂ ਵਿਚ ਸੜਕ ’ਤੇ ਕੀਤੇ ਪੈਚ ਵਰਕ ਨੂੰ ਅਧੂਰਾ ਛੱਡ ਦਿੱਤਾ ਗਿਆ ਤੇ ਭੁਲੱਥ ਭੋਗਪੁਰ ਸੜਕ, ਨਡਾਲਾ-ਬੇਗੋਵਾਲ ਦੀਆਂ ਸੜਕਾਂ ਦੀ ਦੁਰਗਤੀ ਬਾਰੇ ਜਦੋਂ ਖਬਰਾਂ ਛਪਣ ਉਪਰੰਤ ਇਹ ਲੀਡਰ ਧੜਾਧੜ ਬਿਆਨ ਦਾਗਦੇ ਹਨ ਅਤੇ ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਨਡਾਲਾ-ਬੇਗੋਵਾਲ ਸੜਕ ’ਤੇ ਵੱਡੇ ਟੋਇਆਂ ਵਿਚ ਲੋਕ ਡਿੱਗਦੇ ਆਮ ਦੇਖੇ ਜਾਂਦੇ ਹਨ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜੇ ਇਨ੍ਹਾਂ ਲੀਡਰਾਂ ਨੇ ਆਉਣ ਵਾਲੇ ਸਮੇਂ ਵਿਚ ਆਪਣੀ ਸੀਟ ਬਚਾਉਣੀ ਹੈ ਤਾਂ ਸਿਆਸਤ ਛੱਡ ਕੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।