ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 8 ਦਸੰਬਰ
ਗੁਰਦੁਆਰੇ ਵਿੱਚ 30 ਨਵੰਬਰ ਨੂੰ ਮੱਥਾ ਟੇਕਣ ਆਈ ਪ੍ਰਵੀਨ ਕੌਰ ਦੀ ਲਾਸ਼ ਗੁਰਦੁਆਰੇ ਦੀ ਪਾਰਕਿੰਗ ਵਿੱਚੋਂ ਰੇਤ ਵਿੱਚ ਦਬੀ ਹੋਈ ਬਰਾਮਦ ਹੋਣ ਤੋਂ ਬਾਅਦ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਤੇ ਮਾਸੂਮ ਬੱਚੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ‘ਆਪ’ ਆਗੂ ਮਨਜਿੰਦਰ ਸਿੰਘ ਸਿੱਧੂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ ਜਿੱਥੇ ਪਰਿਵਾਰ ਵਾਲਿਆਂ ਵਿੱਚ ਪੁਲੀਸ ਖਿਲਾਫ਼ ਰੋਸ ਹੈ, ਉੱਥੇ ਹੀ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਲਾਲਪੁਰ ਵੱਲੋਂ ਮਾਸੂਮ ਬੱਚੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਭੁੱਖ ਹੜਤਾਲ ’ਤੇ ਬੈਠੇ ਮਨਜਿੰਦਰ ਸਿੱਧੂ ਨੇ ਕਿਹਾ ਕਿ ਪੁਲੀਸ ਵੱਲੋਂ ਬੱਚੀ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ ਜਿਸ ਕਾਰਨ 6 ਸਾਲਾ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਪੁਲੀਸ ਵੱਲੋਂ ਬੱਚੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉੱਨਾ ਸਮਾਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਅਵਤਾਰ ਸਿੰਘ ਮਠਾੜੂ, ਹਰਦੀਪ ਸਿੰਘ ਤੇ ਜਸਬੀਰ ਸਿੰਘ ਹਾਜ਼ਰ ਸਨ।