ਗੁਰਬਖ਼ਸ਼ਪੁਰੀ/ਨਰਿੰਦਰ ਸਿੰਘ
ਤਰਨ ਤਾਰਨ/ਭਿੱਖੀਵਿੰਡ, 17 ਮਈ
ਆਬਕਾਰੀ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਪਿੰਡ ਦਿਆਲਪੁਰ ’ਚ ਛਾਪਾ ਮਾਰ ਕੇ ਕਾਂਗਰਸ ਮੈਂਬਰ ਪੰਚਾਇਤ ਨਿਰਭੈ ਸਿੰਘ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 4.20 ਲੱਖ ਮਿਲੀਲਿਟਰ ਨਾਜਾਇਜ਼ ਸ਼ਰਾਬ ਅਤੇ 800 ਕਿੱਲੋ ਲਾਹਣ ਬਰਾਮਦ ਕੀਤੀ ਹੈ| ਟੀਮ ਵੱਲੋਂ ਨਿਰਭੈ ਸਿੰਘ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਕੋਲੋਂ ਚਾਰ ਲੱਖ ਮਿਲੀਲਿਟਰ ਨਾਜਾਇਜ਼ ਸ਼ਰਾਬ ਅਤੇ 400 ਕਿੱਲੋ ਲਾਹਣ ਬਰਾਮਦ ਕੀਤੀ| ਟੀਮ ਵੱਲੋਂ ਇਸੇ ਪਿੰਡ ਦੇ ਵਾਸੀ ਨਿਸ਼ਾਨ ਸਿੰਘ ਕੋਲੋਂ 20,000 ਮਿਲੀਲਿਟਰ ਸ਼ਰਾਬ ਤੇ 400 ਕਿੱਲੋ ਲਾਹਣ ਬਰਾਮਦ ਕੀਤੀ| ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ|
ਵਿਦੇਸ਼ੀ ਮਹਿਲਾ ਤੇ ਦਿੱਲੀ ਦਾ ਵਸਨੀਕ 505 ਗ੍ਰਾਮ ਹੈਰੋਇਨ ਸਣੇ ਕਾਬੂ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸਥਾਨਕ ਪੁਲੀਸ ਨੇ ਇੱਕ ਵਿਦੇਸ਼ੀ ਔਰਤ ਤੇ ਦਿੱਲੀ ਦੇ ਇਕ ਵਸਨੀਕ ਨੂੰ 505 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਇੱਥੋਂ ਦੇ ਤਹਿਸੀਲ ਕੰਪਲੈਕਸ ਦੇ ਨੇੜੇ ਲਾਏ ਨਾਕੇ ਦੌਰਾਨ ਸਵਿਫਟ ਕਾਰ ਨੰਬਰ ਐੱਚਆਰ-55 ਏਜੀ-1940 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਕੀਨੀਆ ਦੀ ਔਰਤ ਤੇ ਚਾਲਕ ਕੋਲੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ ਚਾਲਕ ਦੀ ਪਛਾਣ ਸੰਮੀ ਕਪੂਰ ਵਾਸੀ 194 ਏ-ਬਲਾਕ ਸੀ, ਜੈ ਵਿਹਾਰ, ਫੇਜ਼-1 ਨਜ਼ਫਗੜ੍ਹ, ਸਾਊਥ ਦਿੱਲੀ ਅਤੇ ਵਿਦੇਸ਼ੀ ਔਰਤ ਦੀ ਪਛਾਣ ਐਲਿਜ਼ਾਬੈਥ ਮੋਟੋ ਉਰਫ ਲਿੱਜ ਵਾਸੀ ਕੀਨੀਆ ਹਾਲ ਵਾਸੀ ਨਵੀਂ ਦਿੱਲੀ ਵਜੋਂ ਹੋਈ।