ਰਣਬੀਰ ਮਿੰਟੂ
ਚੇਤਨਪੁਰਾ, 16 ਫਰਵਰੀ
ਕਿਰਤੀ ਕਿਸਾਨ ਯੂਨੀਅਨ ਵੱਲੋਂ ਚੋਣਾਂ ਦੇ ਰੋਲ ਘਚੋਲੇ ਵਿੱਚ ਵੱਖਰੀ ਤਰ੍ਹਾਂ ਦਖਲ ਅੰਦਾਜੀ ਕਰਦਿਆਂ ਸੂਬੇ ਭਰ ਵਿੱਚ ਚੋਣਾਂ, ਲੋਕ ਮੁੱਦੇ ਤੇ ਸੰਘਰਸ਼ ਨੂੰ ਵਿਸ਼ਾ ਬਣਾਉਂਦਿਆਂ ਅੱਜ ਪਿੰਡ ਕਿਆਮਪੁਰ ਵਿੱਚ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਬਿੀਰ ਸਿੰਘ ਸੁਲਤਾਨੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਸੰਕਟ ਵਿੱਚੋ ਲੰਘ ਰਿਹਾ ਹੈ। ਹਰੀ ਕ੍ਰਾਂਤੀ ਦਾ ਸਾਮਰਾਜੀ ਮਾਡਲ ਫੇਲ੍ਹ ਹੋ ਗਿਆ ਹੈ। ਇਸ ਮਾਡਲ ਕਰਕੇ ਧਰਤੀ ਹੇਠੋਂ ਤਿੰਨ ਚੌਥਾਈ ਪਾਣੀ ਵਰਤਿਆ ਜਾ ਚੁੱਕਾ ਹੈ। ਜੇ ਪਾਣੀ ਇਸੇ ਰਫ਼ਤਾਰ ਨਾਲ ਹੀ ਵਰਤਿਆ ਜਾਂਦਾ ਰਿਹਾ ਤਾਂ ਕੁੱਝ ਸਾਲਾਂ ਵਿੱਚ ਹੀ ਪੰਜਾਬ ਮਾਰੂਥਲ ਬਣ ਜਾਵੇਗਾ। ਇਸ ਮਾਡਲ ਕਰਕੇ ਪੰਜਾਬ ਦੀ ਹਵਾ, ਪਾਣੀ ਤੇ ਖੁਰਾਕ ਜ਼ਹਿਰੀਲੀ ਹੋ ਗਈ ਹੈ। ਪੰਜਾਬੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਕਿਸਾਨ ਕਰਜ਼ੇ ਹੇਠ ਦੱਬੇ ਗਏ ਹਨ ਤੇ ਖ਼ੁਦਕੁਸ਼ੀਆਂ ਕਰ ਰਹੇ ਹਨ। ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਦੇਸ਼ ਛੱਡਣ ਨੂੰ ਮਜਬੂਰ ਹਨ। ਪੰਜਾਬ ਦਾ ਉਦਯੋਗੀ ਬੁਰੀ ਤਰ੍ਹਾਂ ਰੁਕਿਆ ਹੋਇਆ ਹੈ। ਨਿੱਜੀਕਰਨ ਦੀ ਨੀਤੀ ਤਹਿਤ ਵਿਦਿਆ, ਸਿਹਤ, ਬਿਜਲੀ, ਸੜਕਾਂ, ਦੂਰ ਸੰਚਾਰ ਆਦਿ ਸੇਵਾਵਾਂ ’ਤੇ ਨਿੱਜੀ ਕੰਪਨੀਆਂ ਦਾ ਕਬਜ਼ਾ ਹੋ ਗਿਆ ਹੈ, ਜਿਸ ਕਰਕੇ ਪੜ੍ਹੇ-ਲਿਖੇ ਨੌਜਵਾਨਾਂ ਦੀ ਠੇਕੇਦਾਰੀ ਪ੍ਰਣਾਲੀ ਰਾਹੀਂ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੇ ਰਾਹ ’ਤੇ ਤੋਰਨ ਲਈ ਹਰੀ ਕ੍ਰਾਂਤੀ ਦਾ ਕਾਰਪੋਰੇਟ ਪੱਖੀ ਮਾਡਲ ਰੱਦ ਕਰਕੇ ਕਿਸਾਨ ਪੱਖੀ, ਲੋਕ ਪੱਖੀ, ਕੁਦਰਤ ਪੱਖੀ ਮਾਡਲ ਲਿਆਂਦਾ ਜਾਵੇ।
ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਛੋਟੀ ਕਿਸਾਨੀ ਨੂੰ ਬਚਾਉਣ ਲਈ ਉਸ ਨੂੰ ਸਰਕਾਰੀ ਟਿਊਬਵੈੱਲ ਲਾ ਕੇ ਦੇਣ ਤੇ ਹੋਰਨਾਂ ਸਹੂਲਤਾਂ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ਾਂ ਦੇ ਜੇਤੂ ਰਾਹ ਪੈ ਕੇ ਮੋਰਚੇ ਲਾ ਕੇ ਚੁਣੀ ਗਈ ਸਰਕਾਰ ਕੋਲੋਂ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ। ਡੀਐਮਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਨੇ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਗੱਲ ਕੀਤੀ।