ਪਠਾਨਕੋਟ (ਪੱਤਰ ਪ੍ਰੇਰਕ): ਮਾਮੂਨ ਛਾਉਣੀ ਵਿੱਚ ਸੈਨਾ ਦੇ ਲਾਂਸ ਨਾਇਕ ਦੀ ਸਰਵਿਸ ਰਾਈਫਲ ਨਾਲ ਸ਼ੱਕੀ ਹਾਲਾਤ ਵਿੱਚ ਚੱਲੀ ਗੋਲੀ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਲਾਂਸ ਨਾਇਕ ਮਨਦੀਪ ਸਿੰਘ ਪੁੱਤਰ ਦੇਸ ਰਾਜ ਵਾਸੀ ਜ਼ਿਲ੍ਹਾ ਮਕਤਸਰ ਵਜੋਂ ਹੋਈ ਹੈ। ਉਹ ਸੈਨਾ ਦੀ 26 ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮਾਮੂਨ ਕੈਂਟ ਸਬ-ਇੰਸਪੈਕਟਰ ਨਵਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਮਾਮੂਨ ਮਿਲਟਰੀ ਸਟੇਸ਼ਨ ਵਿੱਚ ਸੈਨਾ ਦੇ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਹ ਪੁਲੀਸ ਪਾਰਟੀ ਦੇ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 26 ਪੰਜਾਬ ਰੈਜੀਮੈਂਟ ਦੇ ਉੱਚ ਅਧਿਕਾਰੀ ਹਰੀ ਨਰਾਇਣ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।