ਪੱਤਰ ਪ੍ਰੇਰਕ
ਪਠਾਨਕੋਟ, 6 ਜੁਲਾਈ
ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਸ਼ਾਹਪੁਰਕੰਡੀ ਟਾਊਨਸ਼ਿਪ ਸਥਿਤ 50 ਬੈੱਡ ਦੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ। ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵੱਲੋਂ ਅਜੇ ਤੱਕ 5 ਲੱਖ ਤੋਂ ਜ਼ਿਆਦਾ ਦੇ ਬਿੱਲਾਂ ਦੀ ਅਦਾਇਗੀ ਵੀ ਲੰਬਿਤ ਹੈ। ਵਿਗੜੀ ਆਰਥਿਕ ਸਥਿਤੀ ਦੇ ਚੱਲਦੇ ਡੈਮ ਪ੍ਰਾਜੈਕਟ ਦੇ ਹਸਪਤਾਲ ਦੀ ਲੈਬਾਰਟਰੀ ਵਿੱਚ ਟੈਸਟ ਕਿੱਟ ਦੀ ਕਮੀ ਹੋ ਗਈ ਹੈ। ਜਿਸ ਕਾਰਨ ਮਰੀਜ਼ਾਂ ਦੇ ਟੈਸਟ ਨਹੀਂ ਹੋ ਰਹੇ ਹਨ। ਮਰੀਜ਼ਾਂ ਨੂੰ ਪ੍ਰੇਸ਼ਾਨ ਹੋ ਕੇ ਬਾਜ਼ਾਰ ਤੋਂ ਮਹਿੰਗੇ ਰੇਟਾਂ ਵਿੱਚ ਟੈਸਟ ਕਰਵਾਉਣੇ ਪੈ ਰਹੇ ਹਨ। ਹਾਲਾਂਕਿ ਗਰਭਵਤੀ ਔਰਤਾਂ ਦੀ ਦੇਖ-ਰੇਖ ਤੇ ਉਨ੍ਹਾਂ ਦੇ ਸਾਰੇ ਏਐੱਮਸੀ ਕੇਸਾਂ ਦੇ ਟੈਸਟਾਂ ਲਈ ਕਿੱਟ ਜਾਰੀ ਕੀਤੀ ਗਈ ਹੈ। ਲੈਬ ਵਿੱਚ ਟੈਸਟ ਕਿੱਟ ਖਤਮ ਹੋਣ ਨਾਲ ਬਣੇ ਸੰਕਟ ’ਤੇ ਮਨੋਜ ਸ਼ਰਮਾ, ਜਤਿਨ ਮਹਿਤਾ, ਅਸ਼ੋਕ ਕੁਮਾਰ, ਰਾਜੀਵ ਕੁਮਾਰ, ਸੰਭੂ ਨਾਥ, ਓਮ ਦੱਤ, ਸੁਰਿੰਦਰ ਸਿੰਘ, ਪਵਨ ਕੁਮਾਰ, ਸੋਮ ਰਾਜ, ਹਰਮੇਸ਼ ਰਾਣਾ ਨੇ ਡੈਮ ਪ੍ਰਸ਼ਾਸਨ ਨੂੰ ਬਕਾਇਆ ਬਿੱਲਾਂ ਦੀ ਜਲਦੀ ਅਦਾਇਗੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਹਸਪਤਾਲ ਦੀ ਲੈਬ ਵਿੱਚ ਟੈਸਟ ਕਰਵਾਉਣ ਦੀ ਸੁਵਿਧਾ ਮਿਲ ਸਕੇ। ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਸਹਾਇਕ ਕੰਟਰੋਲਰ ਵਿੱਤ ਵਿਭਾਗ ਠਾਕੁਰ ਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਬਿੱਲ ਬਣਾ ਕੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿੱਚ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲਦੀ ਸਾਰੇ ਬਿੱਲਾਂ ਦੇ ਪਾਸ ਹੋਣ ਅਤੇ ਹਸਪਤਾਲ ਨੂੰ ਪੈਸੇ ਦਾ ਭੁਗਤਾਨ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਹਸਪਤਾਲ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇਗਾ।