ਐਨਪੀ. ਧਵਨ
ਪਠਾਨਕੋਟ, 8 ਅਗਸਤ
ਪਠਾਨਕੋਟ ਦੇ 200 ਬੈੱਡਾਂ ਵਾਲਾ ਹਸਪਤਾਲ ਸਟਾਫ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਵਿੱਚ 15 ਅਗਸਤ ਤੋਂ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੀ ਹੈ, ਉਸ ਤੋਂ ਪਹਿਲਾਂ ਸਰਕਾਰ ਨੂੰ ਇਸ ਹਸਪਤਾਲ ’ਚ ਸਟਾਫ ਅਤੇ ਦਵਾਈਆਂ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਹਸਪਤਾਲ ਵਿੱਚ ਇੱਕ ਹੀ ਮੈਡੀਕਲ ਸਪੈਸ਼ਲਿਸਟ ਹੈ ਜਦ ਓਪੀਡੀ ਦੇ ਹਿਸਾਬ ਨਾਲ ਹਸਪਤਾਲ ਵਿੱਚ 4 ਐਮਡੀ ਡਾਕਟਰ ਹੋਣੇ ਚਾਹੀਦੇ ਹਨ। ਹਸਪਤਾਲ ਵਿੱਚ ਸਕਿਨ ਸਪੈਸ਼ਲਿਸਟ ਅਤੇ ਰੇਡੀਓਲੋਜਿਸਟ ਡਾਕਟਰ ਦੇ ਅਹੁਦੇ ਖਾਲੀ ਪਏ ਹਨ। ਕਰੀਬ 2 ਮਹੀਨੇ ਪਹਿਲਾਂ 4 ਡਾਕਟਰਾਂ ਦੀ ਬਦਲੀ ਹੋ ਜਾਣ ਨਾਲ ਡਾਕਟਰਾਂ ਦੀ ਹੋਰ ਕਮੀ ਆ ਗਈ ਹੈ। ਸਕਿਨ ਸਪੈਸ਼ਲਿਸਟ ਦੀ ਬਦਲੀ ਹੋਣ ਬਾਅਦ ਹੁਣ ਤੱਕ ਨਵੇਂ ਡਾਕਟਰ ਦੀ ਤਾਇਨਾਤੀ ਨਹੀਂ ਹੋ ਸਕੀ। ਸਿਵਲ ਵਿੱਚ ਅਲਟਰਾਸਾਊਂਡ ਮਸ਼ੀਨ ਤਾਂ ਹੈ ਪਰ ਡਾਕਟਰ ਦੀ ਪੋਸਟ ਖਾਲੀ ਪਈ ਹੈ। ਨਰੋਟ ਜੈਮਲ ਸਿੰਘ ਤੋਂ ਡਾਕਟਰ ਖੇਮ ਰਾਜ ਦੀ ਕੰਮ ਚਲਾਊ ਪ੍ਰਬੰਧ ਵਜੋਂ ਹਫਤੇ ਵਿੱਚ 4 ਦਿਨ ਸਿਵਲ ਹਸਪਤਾਲ ਵਿੱਚ ਡਿਊਟੀ ਲਗਾਈ ਗਈ ਹੈ ਜੋ ਸੋਮਵਾਰ ਤੋਂ ਵੀਰਵਾਰ ਤੱਕ ਮਰੀਜ਼ਾਂ ਦੇ ਅਲਟਰਾਸਾਊਂਡ ਕਰਦੇ ਹਨ। ਹਸਪਤਾਲ ਵਿੱਚ 40 ਦੇ ਕਰੀਬ ਡਾਕਟਰ ਅਤੇ 45 ਦੇ ਕਰੀਬ ਪੈਰਾਮੈਡੀਕਲ ਸਟਾਫ ਹੈ। ਹਸਪਤਾਲ ਵਿੱਚ 33 ਸਟਾਫ ਨਰਸਾਂ ਹਨ। 12 ਸਟਾਫ ਨਰਸਾਂ ਨੂੰ ਆਊਟਸੋਰਸ ਰਾਹੀਂ ਰੱਖਿਆ ਗਿਆ ਹੈ।
ਪੈਰਾਮੈਡੀਕਲ ਸਟਾਫ ਦੀ ਕਮੀ ਦੇ ਚਲਦੇ ਪਠਾਨਕੋਟ ਵਿਕਾਸ ਮੰਚ ਵੱਲੋਂ ਹਸਪਤਾਲ ਕੰਪਲੈਕਸ ਵਿੱਚ ਬਣਾਏ ਗਏ ਆਧੁਨਿਕ ਕਮਰੇ ਅਜੇ ਵੀ ਮਰੀਜ਼ਾਂ ਲਈ ਖੋਲ੍ਹੇ ਨਹੀਂ ਹਨ ਜਦ ਕਿ ਇਨ੍ਹਾਂ ਦਾ ਉਦਘਾਟਨ ਵੀ ਪਿਛਲੇ ਮਹੀਨੇ 23 ਤਰੀਕ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕਰ ਚੁੱਕੇ ਹਨ। ਹਸਪਤਾਲ ਵਿੱਚ ਮਾਰਚ ਮਹੀਨੇ ਤੋਂ 25 ਲੱਖ ਦੀ ਲਾਗਤ ਵਾਲੀ ਐੱਸਡੀਪੀ ਮਸ਼ੀਨ ਜੋ ਸਰਕਾਰ ਵੱਲੋਂ ਭੇਜੀ ਗਈ ਹੈ, ਅਜੇ ਤੱਕ ਸਥਾਪਿਤ ਨਹੀਂ ਕੀਤੀ ਗਈ। ਕਰੀਬ 4 ਮਹੀਨੇ ਤੋਂ ਅਲਟਰਾਸਾਊਂਡ ਮਸ਼ੀਨ ਖਰਾਬ ਪਈ ਹੈ। ਮਸ਼ੀਨ ਗਰਭਵਤੀ ਮਹਿਲਾਵਾਂ ਦੇ ਅਲਟਰਾਸਾਊਂਡ ਕਰਨ ਵਿੱਚ ਸਮਰੱਥ ਨਹੀਂ ਹੈ। ਅਜਿਹੇ ਵਿੱਚ ਮਹਿਲਾਵਾਂ ਨੂੰ 700 ਤੋਂ 1500 ਰੁਪਏ ਤੱਕ ਖਰਚ ਕਰਕੇ ਪ੍ਰਾਈਵੇਟ ਅਲਟਰਾਸਾਊਂਡ ਸੈਂਟਰ ਤੋਂ ਅਲਟਰਾਸਾਊਂਡ ਕਰਵਾਉਣੇ ਪੈ ਰਹੇ ਹਨ। ਕਾਰਜਕਾਰੀ ਐੱਸਐੱਮਓ ਡਾ. ਸੁਨੀਲ ਚੰਦ ਨੇ ਮੰਨਿਆ ਕਿ ਸਟਾਫ ਦੀ ਭਾਰੀ ਕਮੀ ਹੈ ਪਰ ਫਿਰ ਵੀ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਕੰਮ ਚਲਾਇਆ ਜਾ ਰਿਹਾ ਹੈ। ਐੱਸਡੀਪੀ ਮਸ਼ੀਨ ਇੰਚਾਰਜ ਡਾ. ਮਧੁਰ ਮੱਟੂ ਦਾ ਕਹਿਣਾ ਹੈ ਕਿ ਮਸ਼ੀਨ ਸਥਾਪਿਤ ਕਰਨ ਹੋਣ ਤੋਂ ਪਹਿਲਾਂ ਇਸ ਦੀ ਪਰਖ ਹੋਣੀ ਹੈ। ਪਹਿਲਾਂ ਕੀਤੀ ਗਈ ਪਰਖ ਦੌਰਾਨ ਕੁਝ ਖਾਮੀਆਂ ਸਾਹਮਣੇ ਆਈਆਂ ਸਨ। ਹਸਪਤਾਲ ਪ੍ਰਬੰਧਨ ਵੱਲੋਂ ਉਨ੍ਹਾਂ ਖਾਮੀਆਂ ਨੂੰ ਪੂਰਾ ਕਰ ਲਿਆ ਗਿਆ ਹੈ। ਹੁਣ ਇੱਕ ਵਾਰ ਹੋਰ ਇੰਸਪੈਕਸ਼ਨ ਹੋਵੇਗੀ, ਉਸ ਦੇ ਬਾਅਦ ਹੀ ਮਸ਼ੀਨ ਨੂੰ ਇੰਸਟਾਲ ਕਰਵਾਇਆ ਜਾਵੇਗਾ।