ਪਾਲ ਸਿੰਘ ਨੌਲੀ
ਜਲੰਧਰ, 1 ਮਈ
ਸੀਪੀਆਈ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਲਾਲ ਝੰਡਾ ਲਹਿਰਾ ਕੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਇਕੱਠੇ ਹੋਏ ਪਾਰਟੀ ਵਰਕਰਾਂ ਅਤੇ ਮਜ਼ਦੂਰ ਜਥੇਬੰਦੀ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਾਜਿੰਦਰ ਸਿੰਘ ਮੰਡ ਨੇ ਕਿਹਾ ਕਿ ਸ਼ਿਕਾਂਗੋ ਦੇ ਸ਼ਹੀਦਾਂ ਦੀ ਬਦੌਲਤ ਹੀ ਕਿਰਤ ਕਾਨੂੰਨ ਹੋਂਦ ਵਿੱਚ ਆਏ ਸਨ ਪਰ ਕੇਂਦਰ ਸਰਕਾਰ ਸਮੇਂ ਨੂੰ ਫਿਰ ਪੁੱਠਾ ਗੇੜਾ ਦੇਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਾਂਗ ਹੀ ਮਜ਼ਦੂਰਾਂ ਨੂੰ ਇਕਜੁੱਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਕੇ ਕਿਰਤ ਕਾਨੂੰਨਾਂ ਵਾਪਸ ਲਿਆਉਣੇ ਪੈਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ। ਕਿਰਤ ਕਾਨੂੰਨਾਂ ਦੀ ਵਾਪਸੀ ਲਈ ਲੰਬੇ ’ਤੇ ਤਿੱਖੇ ਸੰਘਰਸ਼ ਦੀ ਲੋੜ ਹੈ।
ਐਡਵੋਕੇਟ ਮੰਡ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਅੰਬਾਨੀਆਂ ਤੇ ਅਡਾਨੀਆਂ ਦੀ ਝੋਲੀ ਵਿੱਚ ਪਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਾਂਗ ਹੀ ਮਜ਼ਦੂਰਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਲੜਨਾ ਪਵੇਗਾ।
ਇਸ ਮੌਕੇ ਤੇ ਕਾਮਰੇਡ ਅਵਤਾਰ ਤਾਰੀ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਚੀਮਾ ,ਜਾਗੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕਿਰਤੀ ਕਿਸਾਨ ਯੂਨੀਅਨ, ਡੈਮੋਕਰੈਟਿਕ ਟੀਚਰਜ਼ ਫਰੰਟ, ਤਰਕਸ਼ੀਲ਼ ਸੁਸਾਇਟੀ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਅਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਸਾਂਝੇ ਤੌਰ ’ਤੇ ਸਥਾਨਕ ਗਾਂਧੀ ਪਾਰਕ ਵਿਚ ਮਨਾਇਆ ਗਿਆ। ਸ਼ਹਿਰ ਅੰਦਰ ਮਾਰਚ ਕਰਦਿਆਂ ਫ਼ਿਰਕਾਪ੍ਰਸਤੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਸੋਢੀ ਰਾਮ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਢੇਸੀ, ਕੁਲਵਿੰਦਰ ਚਾਹਲ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਤਰਕਸ਼ੀਲ਼ ਆਗੂ ਜੋਗਿੰਦਰ ਸਿੰਘ ਅਤੇ ਚੈਨ ਸਿੰਘ ਨੇ ਸੰਬੋਧਨ ਕਰਦਿਆਂ ਮਈ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਆਗੂ ਕੁਲਵਿੰਦਰ ਚਾਹਲ, ਪੈਨਸ਼ਨਰ ਆਗੂ ਹੰਸ ਰਾਜ, ਰਾਮਜੀਤ ਸਿੰਘ, ਮਜ਼ਦੂਰ ਆਗੂ ਪ੍ਰਵੇਸ਼ ਕੁਮਾਰ ਆਦਿ ਹਾਜ਼ਰ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਭਾਰਤੀ ਕਮਿਊਨਿਸਟ ਪਾਰਟੀ (ਲਬਿਰੇਸ਼ਨ) ਵੱਲੋਂ ਸਮਾਗਮ ਲੁਹਾਰਕਾ ਰੋਡ ’ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਝੁਲਾਉਣ ਦੀ ਰਸਮ ਕਿਸਾਨ ਆਗੂ ਜਸਬੀਰ ਕੈਰ ਹੇਰ ਨੇ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਲਬਿਰੇਸ਼ਨ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਬਲਬੀਰ ਮੂਧਲ ਨੇ ਮਈ ਦਿਵਸ ਦੇ ਸ਼ਹੀਦਾਂ ਬਾਰੇ ਚਾਨਣਾ ਪਾਇਆ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਡਿੱਪੂ ਇਕਾਈ ਵੱਲੋਂ ਅੱਜ ਇੱਥੇ ਮਜ਼ਦੂਰ ਦਿਵਸ ਮੌਕੇ ਗੇਟ ਰੈਲੀ ਕਰ ਕੇ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਉਨ੍ਹਾਂ ਦੇ ਵਰਕਰ ਸਾਥੀਆਂ ਨੂੰ ਸ਼ਰਤਾਂ ਲਗਾ ਕੇ ਨੌਕਰੀਆਂ ਤੋਂ ਹਟਾਉਣ ਦੀ ਨਿਖੇਧੀ ਕੀਤੀ ਗਈ| ਜਥੇਬੰਦੀ ਨੇ ਇਨ੍ਹਾਂ ਮੁਲਾਜਮਾਂ ਨੂੰ ਤੁਰੰਤ ਬਹਾਲ ਨਾ ਕਰਨ ਤੇ ਤਿੱਖਾ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ| ਜਥੇਬੰਦੀ ਦੀ ਡਿਪੂ ਇਕਾਈ ਦੇ ਪ੍ਰਧਾਨ ਸਤਨਾਮ ਸਿੰਘ ਤੁੜ, ਅੰਮ੍ਰਿਤਪਾਲ ਸਿੰਘ, ਰਾਜਵੰਤ ਸਿੰਘ ਆਦਿ ਨੇ ਕਿਹਾ ਕਿ ਮੁਲਾਜ਼ਮ 17 ਮਈ ਨੂੰ ਸੂਬਾ ਪੱਧਰੀ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਜੇ ਸਰਕਾਰ ਨੇ ਫਿਰ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ 24 ਮਈ ਨੂੰ ਸੂਬੇ ਭਰ ਵਿੱਚ ਦੋ ਘੰਟੇ ਲਈ ਅੱਡੇ ਬੰਦ ਕੀਤੇ ਜਾਣਗੇ| ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ|
ਪਾਵਰਲੂਮ ਸਨਅਤਾਂ ਦੇ ਮਜ਼ਦੂਰਾਂ ਦੀ ਉਜਰਤ ’ਚ ਨੌਂ ਫ਼ੀਸਦ ਵਾਧੇ ਦਾ ਐਲਾਨ
ਅੰਮ੍ਰਿਤਸਰ: ਮਈ ਦਿਵਸ ਮੌਕੇ ਇੱਥੇ ਪਾਵਰਲੂਮ ਸਨਅਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖ਼ਾਹਾਂ ਅਤੇ ਕੰਮ ਦੇ ਮਜ਼ਦੂਰੀ ਰੇਟਾਂ ਵਿਚ ਨੌਂ ਫ਼ੀਸਦ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਪਾਰਕ ਵਿੱਚ ਮਜ਼ਦੂਰਾਂ ਦੇ ਵੱਡੇ ਇਕੱਠ ਦੌਰਾਨ ਕੀਤਾ ਗਿਆ। ਤਨਖ਼ਾਹਾਂ ਅਤੇ ਮਜ਼ਦੂਰੀ ਰੇਟਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਪਾਵਰਲੂਮ ਸਨਅਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਵੱਲੋਂ ਵੀਹ ਅਪਰੈਲ ਤੋਂ ਹੜਤਾਲ ਕੀਤੀ ਹੋਈ ਸੀ। ਇਸ ਐਲਾਨ ਦੇ ਨਾਲ ਇਹ ਹੜਤਾਲ ਵੀ ਖ਼ਤਮ ਹੋ ਗਈ ਹੈ। ਇਹ ਵਾਧਾ ਇੱਕ ਮਈ ਤੋਂ ਲਾਗੂ ਹੋਵੇਗਾ। ਇਸ ਸਬੰਧੀ ਮਜ਼ਦੂਰ ਜਥੇਬੰਦੀਆਂ ਏਟਕ, ਸੀਟੂ ਅਤੇ ਸੀਟੀਯੂ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਕੀਤਾ ਗਿਆ ਸੀ। ਇਸ ਮੌਕੇ ਮਜ਼ਦੂਰ ਆਗੂਆਂ ਨੇ ਲੇਬਰ ਕਾਨੂੰਨ ਖ਼ਤਮ ਕਰ ਕੇ ਚਾਰ ਲੇਬਰ ਕੋਡ ਲਾਗੂ ਕਰਨ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਸਰਮਾਏਦਾਰਾਂ ਦੇ ਲਾਭ ਲਈ ਮਜ਼ਦੂਰਾਂ ਦੇ ਹਿੱਤ ਕੁਰਬਾਨ ਕਰ ਰਹੀ ਹੈ।