ਰਣਬੀਰ ਮਿੰਟੂ
ਚੇਤਨਪੁਰਾ, 23 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਅ) ਹਲਕਾ ਮਜੀਠਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਦੀ ਅਗਵਾਈ ਹੇਠ ਪਿੰਡ ਕੋਟਲਾ ਗੁੱਜਰਾਂ ਦੇ ਵਾਸੀਆਂ ਵੱਲੋਂ ਠੇਕੇਦਾਰ ਤੇ ਵਣ ਵਿਕਾਸ ਨਿਗਮ ਲਿਮਟਿਡ ਅੰਮ੍ਰਿਤਸਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਵਾਇਆ ਫਤਿਹਗੜ੍ਹ ਚੂੜੀਆਂ ਜੋ ਰੇਲ ਪੱਟੜੀ ਹੈ, ਉਸ ਦੇ ਆਲੇ ਦੁਆਲਿਓਂ ਵਣ ਵਿਕਾਸ ਵਿਭਾਗ ਲਿਮਟਿਡ ਅੰਮ੍ਰਿਤਸਰ ਨੇ 7-5-2021 ਨੂੰ ਗਿੱਲ ਟ੍ਰੇਡਿੰਗ ਕੰਪਨੀ ਦੇ ਠੇਕੇਦਾਰ ਨੂੰ ਸੁੱਕੇ ਤੇ ਡਿੱਗੇ ਹੋਏ ਦਰੱਖਤਾਂ ਨੂੰ ਵੱਢਣ ਲਈ 27 ਹਜ਼ਾਰ ਰੁਪਏ ਵਿੱਚ ਠੇਕਾ ਦਿੱਤਾ ਹੋਇਆ ਸੀ। ਠੇਕੇਦਾਰ ਦੇ ਕਰਿੰਦਿਆਂ ਨੇ ਰੇਲਵੇ ਦੀ ਪਟੜੀ ਜੋ ਪਿੰਡ ਕੋਟਲਾ ਗੁੱਜਰਾਂ ਦੇ ਨੇੜਿਉਂ ਗੁਜ਼ਰਦੀ ਹੈ, ਉਸ ਦੇ ਨਾਲੋਂ ਨਾਲੋਂ ਹਰੇ ਦਰੱਖਤ ਵੀ ਵੱਢ ਲਏ ਹਨ ਜਿਸ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਠੇਕੇਦਾਰ ਤੇ ਵਣ ਵਿਕਾਸ ਲਿਮਟਿਡ ਅੰਮ੍ਰਿਤਸਰ ਦਾ ਵਿਰੋਧ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਲੱਗੇ ਹੋਏ ਦਰੱਖਤਾਂ ਨੂੰ ਸਰਕਾਰੀ ਪੁਸ਼ਤਪਨਾਹੀ ਦੇ ਤਹਿਤ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬਾਬਤ ਕੋਈ ਠੋਸ ਕਦਮ ਚੁੱਕਦਿਆਂ ਇਹੋ ਜਿਹੇ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭੁਪਿੰਦਰ ਸਿੰਘ ਬਿੱਟੂ, ਸਾਹਬ ਸਿੰਘ, ਪਵਨਦੀਪ ਸਿੰਘ ਰਾਣਾ, ਸ਼ਮਸ਼ੇਰ ਸਿੰਘ ਸ਼ੇਰਾ, ਜਸਪਿੰਦਰ ਸਿੰਘ, ਸ਼ੁਬੇਗ ਸਿੰਘ ਸਾਬਕਾ ਮੈਂਬਰ ਪੰਚਾਇਤ, ਸੁਖਵੰਤ ਸਿੰਘ ਸੁੱਖਾ, ਹਰਵਿੰਦਰ ਸਿੰਘ ਭੁੱਲਰ, ਰਘਬੀਰ ਸਿੰਘ ਦੋਧੀ, ਇੰਦਰਜੀਤ ਸਿੰਘ ਡਰਾਈਵਰ, ਹਰਬਖਸ਼ ਸਿੰਘ, ਜਰਨੈਲ ਸਿੰਘ ਰੰਗਰੇਟਾ, ਪਲਵਿੰਦਰ ਸਿੰਘ, ਵਰਿੰਦਰ ਸਿੰਘ, ਜਸਪਿੰਦਰ ਸਿੰਘ ਤੇ ਜਗਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।