ਐੱਨਪੀ ਧਵਨ
ਪਠਾਨਕੋਟ, 17 ਸਤੰਬਰ
ਪਿੰਡ ਫਿਰੋਜ਼ਪੁਰ ਕਲਾਂ ਵਿੱਚ 12 ਦਿਨਾਂ ਤੋਂ ਬਿਜਲੀ ਵਿਭਾਗ ਦਾ ਟਰਾਂਸਫਾਰਮਰ ਖਰਾਬ ਹੋਣ ਦੇ ਚੱਲਦਿਆਂ ਕਿਸਾਨਾਂ ਨੂੰ ਸਿੰਜਾਈ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਇਸ ਮੌਕੇ ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪੂਰਨ ਚੰਦ, ਹਰਭਜਨ ਸਿੰਘ, ਉਂਕਾਰ ਸਿੰਘ, ਰਾਜੀਵ ਕੁਮਾਰ, ਸੁਖਦੇਵ ਰਾਜ ਆਦਿ ਹਾਜ਼ਰ ਸਨ। ਸਮੂਹ ਕਿਸਾਨਾਂ ਨੇ ਦੱਸਿਆ ਕਿ ਉਹ ਕਿਸਾਨ ਹਨ ਅਤੇ ਖੇਤੀ ਦਾ ਕੰਮ ਕਰਦੇ ਹਨ ਪਰ ਪਿੰਡ ਦਾ ਟਰਾਂਸਫਾਰਮਰ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਫਸਲ ਦੀ ਸਿੰਜਾਈ ਤੋਂ ਵਾਂਝਾ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਕਈ ਵਾਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਅਜੇ ਤੱਕ ਉਨ੍ਹਾਂ ਦਾ ਹੱਲ ਨਹੀਂ ਹੋਇਆ। ਜਿਸ ਦੇ ਨਤੀਜੇ ਸਰੂਪ ਅੱਜ ਉਹ ਐੱਸਡੀਓ ਦਫਤਰ ਵਿੱਚ ਖ਼ੁਦ ਚੱਲ ਕੇ ਧਰਨਾ ਦੇਣ ਆਏ ਸਨ ਪਰ ਐੱਸਡੀਓ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ 5 ਦਿਨ ਵਿੱਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਤਰਨ ਤਾਰਨ (ਪੱਤਰ ਪ੍ਰੇਰਕ): ਪਾਵਰਕੌਮ ਵਲੋਂ ਟਿਊਬਵੈਲਾਂ ਲਈ ਅੱਠ ਘੰਟੇ ਬਿਜਲੀ ਨਾ ਦੇਣ ਤੋਂ ਰੋਹ ਵਿੱਚ ਆਏ ਕਿਸਾਨਾਂ ਵਲੋਂ ਅੱਜ ਅਦਾਰੇ ਦੇ ਉਪ ਮੰਡਲ ਨੌਸ਼ਹਿਰਾ ਪੰਨੂਆਂ ਦੇ ਦਫਤਰ ਸਾਹਮਣੇ ਦਿਨ ਭਰ ਲਈ ਧਰਨਾ ਦਿੱਤਾ| ਧਰਨਾਕਾਰੀ ਕਿਸਾਨਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਫੈਲੋਕੇ ਨੇ ਕੀਤੀ ਜਦਕਿ ਇਸ ਮੌਕੇ ਕਿਸਾਨ ਆਗੂ ਜਗਬੀਰ ਸਿੰਘ ਹੈਪੀ ਅਤੇ ਜਥੇਦਾਰ ਸਰਬਰਿੰਦਰ ਸਿੰਘ ਨੇ ਸੰਬੋਧਨ ਕੀਤਾ| ਆਗੂਆਂ ਕਿਹਾ ਕਿ ਨੌਸ਼ਹਿਰਾ ਪੰਨੂੰਆਂ ਦੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਅੱਠ ਘੰਟੇ ਦੀ ਥਾਂ ਤੇ ਚਾਰ-ਪੰਜ ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ।