ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਖਿਲਾਫ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਬਾਹਰ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 169ਵੇਂ ਦਿਨ ਸਮਾਪਤ ਕਰ ਦਿੱਤਾ ਗਿਆ ਹੈ। ਇਸ ਬਾਰੇ ਦੱਸਦਿਆਂ ਕਮੇਟੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਮੌਕੇ ਕਿਸਾਨਾਂ ਨੇ ਕਣਕ ਦੀ ਕਟਾਈ ਤੇ ਝੋਨੇ ਦੀ ਲਵਾਈ ਕਰਨੀ ਹੈ ਤੇ ਮਾਲ ਦੀ ਢੋਆ ਢੁਆਈ, ਬਾਰਦਾਨਾ ਅਤੇ ਵਪਾਰੀ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਵਿਖੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਦਿੱਲੀ ਦੇ ਕੁੰਡਲੀ ਤੇ ਸਿੰਘੂ ਬਾਰਡਰਾਂ ’ਤੇ ਚੱਲ ਰਿਹਾ ਅੰਦੋਲਨ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਦਿਆਲ ਸਿੰਘ ਮਿਆਂਵਿੰਡ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਦਿੱਲੀ ਮੋਰਚੇ ਵਿੱਚ ਹਰ ਕੋਈ ਵੱਧ ਚੜ੍ਹ ਕਿ ਭਾਗ ਲਵ। ਉੱਥੇ ਹੀ ਲੋਕਾਂ ਨੂੰ ਇਸ ਧਰਨੇ ਦੇ ਸਮਾਪਤ ਹੋਣ ਨਾਲ ਅੰਮ੍ਰਿਤਸਰ ਬਿਆਸ ਰੂਟ ’ਤੇ ਸਿੱਧੇ ਟ੍ਰੇਨਾਂ ਚੱਲਣ ਦੀ ਆਸ ਹੈ ਕਿਉਂਕਿ ਇਸ ਧਰਨੇ ਕਾਰਨ ਅੰਮਿ੍ਤਸਰ ਆਉਣ ਵਾਲੀਆਂ ਗੱਡੀਆਂ ਬਿਆਸ ਸਟੇਸ਼ਨ ਤੋਂ ਵਾਇਆ ਤਰਨਤਾਰਨ ਹੋ ਕਿ ਅੰਮਿ੍ਤਸਰ ਪਹੁੰਚਦੀਆਂ ਸਨ, ਜਿਸ ਕਾਰਨ ਸਵਾਰੀਆਂ ਦਾ ਕਰੀਬ ਇੱਕ ਡੇਢ ਘੰਟਾ ਖਰਾਬ ਹੁੰਦਾ ਸੀ। ਇਸ ਦੇ ਨਾਲ ਹੀ ਲੰਬੀ ਦੂਰੀ ਦੀਆਂ ਐਕਸਪ੍ਰੈਸ ਗੱਡੀਆਂ ਜਿਵੇਂ ਹਜ਼ੂਰ ਸਹਬਿ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਤੇ ਛੱਤੀਸਗੱੜ ਐਕਸਪ੍ਰੈਸ ਅੰਬਾਲੇ ਤੱਕ ਚਲਾਈਆਂ ਜਾ ਰਹੀਆਂ ਸਨ। ਇਸ ਮੌਕੇ ਇਕਬਾਲ ਸਿੰਘ ਵੜਿੰਗ, ਲਖਬੀਰ ਸਿੰਘ ਵੈਰੋਨੰਗਲ, ਹਰਪਾਲ ਸਿੰਘ, ਮੁਖਤਾਰ ਸਿੰਘ ਬਿਹਾਰੀਪੁਰ, ਹਰਜਿੰਦਰ ਸਿੰਘ ਘੱਗੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਜੀਓ ਸੈਂਟਰ ਅੱਗੇ ਕਿਸਾਨਾਂ ਦਾ ਧਰਨਾ ਜਾਰੀ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਜੀਓ ਸੈਂਟਰ ਅੱਗੇ ਕਿਸਾਨ ਮੋਰਚੇ ਵੱਲੋਂ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ’ਚ ਚੱਲ ਰਹੇ ਲਗਾਤਾਰ ਸੰਘਰਸ਼ ’ਚ ਅੱਜ ਅੱਛਰ ਸਿੰਘ ਬਿਲੜੋਂ ਦੀ ਪ੍ਰਧਾਨਗੀ ਹੇਠ ਧਰਨਾ ਲਾਇਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ, ਮੁਲਾਜ਼ਮ ਆਗੂ ਸ਼ਿੰਗਾਰਾ ਰਾਮ ਭੱਜਲ, ਕਸ਼ਮੀਰੀ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰਦ ਹੋਣ ਤੱਕ ਤਕ, ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਮਾਨਤਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਦਿੱਲੀ ’ਚ ਚੱਲ ਰਹੇ ਮੋਰਚੇ ਵਿੱਚ ਜਥੇ ਭੇਜਣ ਦੀ ਤਿਆਰੀ
ਚੇਤਨਪੁਰਾ (ਪੱਤਰ ਪੇ੍ਰਕ): ਪਿੰਡ ਜਗਦੇਵ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਤੇਜਬੀਰ ਸਿੰਘ ਸਾਬੀ, ਦਲਜਿੰਦਰ ਸਿੰਘ ਜਗਦੇਵ ਕਲਾਂ ਅਤੇ ਬੱਗਾ ਸਿੰਘ ਆਦਿ ਕਿਸਾਨ ਆਗੂਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾਈ ਆਗੂ ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਤੋਂ ਕਿਸਾਨ ਮਜ਼ਦੂਰਾਂ ਦੇ ਜਥੇ ਦਿੱਲੀ ਅੰਦੋਲਨ ’ਚ ਤੋਰਨ ਲਈ ਤਿਆਰੀਆਂ ਵਜੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤਕ ਕਿਸਾਨ ਮੋਰਚਾ ਜਾਰੀ ਰੱਖਿਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਮੇਟੀ ਮੈਂਬਰ ਹੁਸ਼ਿਆਰ ਸਿੰਘ ਝੰਡੇਰ ਤੇ ਬਾਬਾ ਸੁੱਚਾ ਸਿੰਘ ਤੇੜਾ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ’ਚ ਇਸ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਕਾਫੀ ਉਤਸ਼ਾਹ ਸੀ।