ਪੱਤਰ ਪ੍ਰੇਰਕ
ਪਠਾਨਕੋਟ, 26 ਜੁਲਾਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸੈਣੀ ਦੀ ਅਗਵਾਈ ਵਿੱਚ ਅੱਜ ਲਦਪਾਲਵਾਂ ਟੌਲ ਪਲਾਜ਼ਾ ਉਪਰ ਧਰਨਾ ਦਿੱਤਾ ਗਿਆ।
ਇਸ ਦੌਰਾਨ ਕਾਰਗਿਲ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਕਿਸਾਨ ਮੋਰਚੇ ਦਾ ਵਿਸਤਾਰ ਵੀ ਕੀਤਾ ਗਿਆ। ਇਸ ਅਨੁਸਾਰ ਠਾਕੁਰ ਸੋਹਨ ਸਿੰਘ ਖੜਖੜਾ ਨੂੰ ਜ਼ੋਨ ਨਰੋਟ ਜੈਮਲ ਸਿੰਘ ਦਾ ਪ੍ਰਧਾਨ ਥਾਪਿਆ ਗਿਆ। ਯਸ਼ਪਾਲ ਸਿੰਘ ਨੂੰ ਯੂਥ ਦਾ ਜ਼ੋਨ ਪ੍ਰਧਾਨ ਨਰੋਟ ਜੈਮਲ ਸਿੰਘ, ਹਰੀ ਸਿੰਘ ਨੰਬਰਦਾਰ ਕੌਂਤਰਪੁਰ ਨੂੰ ਜ਼ੋਨ ਨੰਗਲਭੂਰ ਦਾ ਪ੍ਰਧਾਨ, ਸੁਲੱਖਣ ਸਿੰਘ ਲਾੜੀ ਬ੍ਰਾਹਮਣਾਂ ਨੂੰ ਯੂਥ ਦਾ ਪ੍ਰਧਾਨ ਨੰਗਲਭੂਰ ਜ਼ੋਨ, ਸੁਲੱਖਣ ਸਿੰਘ ਨੂੰ ਬਲਾਕ ਨਰੋਟ ਜੈਮਲ ਸਿੰਘ ਦਾ ਪ੍ਰਧਾਨ ਅਤੇ ਰਾਜੇਸ਼ ਸਿੰਘ ਨੂੰ ਉਪ-ਪ੍ਰਧਾਨ ਬਲਾਕ ਨਰੋਟ ਜੈਮਲ ਸਿੰਘ ਥਾਪਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਗੁਰਦਿਆਲ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਦੀ ਰਾਜ ਵਿਚ ਸੰਸਦ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਚੁੱਕਾ ਹੈ। ਇਸੇ ਕਰ ਕੇ ਕਿਸਾਨਾਂ ਨੂੰ ਵੀ ਮਜਬੂਰ ਹੋ ਕੇ ਸਮਾਨੰਤਰ ਕਿਸਾਨ ਸੰਸਦ ਚਲਾਉਣੀ ਪੈ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਦ ਤੱਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਕਾਰਗਿਲ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
ਕਿਸਾਨਾਂ ਨੂੰ ਅਣਗੌਲਿਆ ਕਰਨਾ ਭਾਜਪਾ ਨੂੰ ਮਹਿੰਗਾ ਪਵੇਗਾ: ਪੰਡੋਰੀ
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ੋਨ ਨੇ ਮੱਲੀਆਂ ਕਲਾਂ ਤੇ ਖੁਰਦ, ਬੱਲ੍ਹ ਨੌ, ਹੁੰਦਲ ਢੱਡਾ, ਈਦਾ, ਖੀਵਾ ਅਤੇ ਬਿੱਲੀ ਚਾਹਰਮੀ ਵਿਚ ਕਿਸਾਨਾਂ ਦੀਆਂ ਮੀਟਿੰਗਾਂ ਕਰਦਿਆਂ ਉਨ੍ਹਾਂ ਨੂੰ ਦਿੱਲੀ ਮੋਰਚਿਆਂ ਨੂੰ ਮਜ਼ਬੂਤ ਤੇ ਜੇਤੂ ਬਣਾਉਣ ਲਈ ਵਹੀਰਾਂ ਘੱਤਣ ਦਾ ਸੱਦਾ ਦਿੱਤਾ। ਕਮੇਟੀ ਦੇ ਸੂਬਾ ਵਿੱਤ ਸਕੱਤਰ ਗੁਰਲਾਲ ਸਿੰਘ ਪੰਡੋਰੀ ਨੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਦੀ ਆ ਰਹੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫੜੀ ਹੋਈ ਜ਼ਿੱਦ ਦਾ ਖ਼ਮਿਆਜਾ ਭਾਜਪਾ ਆਗੂਆਂ ਨੂੰ ਭੁਗਤਣਾ ਪਵੇਗਾ। ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਕਿਸਾਨ ਆਪਣੇ ਸੰਘਰਸ਼ ਦੇ ਬਲਬੂਤੇ ’ਤੇ ਹੀ ਖੇਤੀ ਕਾਨੂੰਨ ਨੂੰ ਰੱਦ ਕਰਵਾਉਣਗੇ।
ਸਰਕਾਰ ’ਤੇ ਘੱਟ ਗਿਣਤੀਆਂ ਨੂੰ ਦਬਾਉਣ ਦੇ ਦੋਸ਼
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਮਿਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵਲੋਂ ਮੁਸਲਮਾਨ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਇਕ ਸ਼ਬਦ ਵੀ ਬੋਲਣ ਨੂੰ ਮੋਦੀ ਸਰਕਾਰ ਤਿਆਰ ਨਹੀਂ। ਆਗੂਆਂ ਨੇ ਵਿਜੇ ਦਿਵਸ ਮੌਕੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।