ਪੱਤਰ ਪ੍ਰੇਰਕ
ਤਰਨ ਤਾਰਨ, 5 ਅਪਰੈਲ
ਇਥੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਕਣਕ ਦੀ ਖ਼ਰੀਦ ਅਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਉਲੀਕੀ ਰੂਪ ਰੇਖਾ ਅਨੁਸਾਰ 8 ਅਪਰੈਲ ਨੂੰ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਦੀ ਲਾਮਬੰਦੀ ਲਈ ਅੱਜ ਇਕ ਮੀਟਿੰਗ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਪਿੱਦੀ ਪਿੰਡ ਦੇ ਗੁਰਦੁਆਰਾ ਬਾਬਾ ਕਾਹਨ ਸਿੰਘ ਵਿੱਚ ਕੀਤੀ ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਸਿਧਵਾਂ, ਇਕਬਾਲ ਸਿੰਘ ਵੜਿੰਗ, ਮਨਜਿੰਦਰ ਸਿੰਘ ਗੋਹਲਵੜ੍ਹ, ਹਰਬਿੰਦਰ ਸਿੰਘ ਕੰਗ, ਦਿਆਲ ਸਿੰਘ ਮੀਆਂਵਿੰਡ ਨੇ ਸੰਬੋਧਨ ਕੀਤਾ। ਬੁਲਾਰਿਆਂ ਝੋਨੇ ਦੇ ਸੀਜ਼ਨ ਦੌਰਾਨ ਫ਼ਸਲ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਦੇਣ ਲਈ ਨਹਿਰਾਂ-ਸੂਇਆਂ ਆਦਿ ਦੀ ਸਫ਼ਾਈ ਕੀਤੇ ਜਾਣ ਅਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕੱਸੇ ਜਾਣ, ਵਿੰਗੇ ਟੇਢੇ ਖੰਭੇ ਬਦਲਣ, ਓਵਰ ਲੋੜ ਟਰਾਂਸਫਾਰਮਰਾਂ ਨੂੰ ਡੀ-ਲੋਡ ਕਰਨ ਆਦਿ ਤੇ ਜ਼ੋਰ ਦਿੱਤਾ।
ਇਸ ਮੌਕੇ ਕੁਲਵੰਤ ਸਿੰਘ ਭੈਲ, ਅਜੀਤ ਸਿੰਘ ਚੱਬਾ, ਬਲਵਿੰਦਰ ਸਿੰਘ ਚੋਹਲਾ, ਲਖਵਿੰਦਰ ਸਿੰਘ ਪਲਾਸੌਰ, ਸੁਖਵਿੰਦਰ ਸਿੰਘ ਦੁੱਗਲਵਾਲਾ ਨੇ ਵੀ ਸੰਬੋਧਨ ਕੀਤਾ। ਆਗੂਆਂ ਕਣਕ ਦੀ ਖ਼ਰੀਦ ਦੌਰਾਨ ਮੰਡੀਆਂ ਵਿੱਚ ਕਿਸਾਨ ਦੀ ਲੁੱਟ ਖ਼ਿਲਾਫ਼ ਵੀ ਸਰਕਾਰ ਨੂੰ ਚਿਤਾਵਨੀ ਦਿੱਤੀ।