ਨਿੱਜੀ ਪੱਤਰ ਪ੍ਰੇਰਕ
ਬਟਾਲਾ, 2 ਜੁਲਾਈ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੂਬੇ ਦੇ ਪਸ਼ੂ ਪਾਲਕ ਵੀ ਹੁਣ ਕਿਸਾਨਾਂ ਵਾਂਗ ਕਿਸਾਨ ਕ੍ਰੈਡਿਟ ਲਿਮਿਟਾਂ ਬਣਾ ਸਕਣਗੇ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਰੋਜ਼ਾਨਾ ਹੋਣ ਵਾਲੇ ਖਰਚੇ ਜਿਵੇਂ ਪਸ਼ੂਆਂ ਦੀ ਖੁਰਾਕ, ਦਵਾਈਆਂ, ਮਜ਼ਦੂਰੀ, ਬਿਜਲੀ ਪਾਣੀ ਦੇ ਬਿੱਲਾਂ ਆਦਿ ਦਾ ਖਰਚਾ ਚਲਾਉਣ ਲਈ ਸਸਤੀਆਂ ਦਰਾਂ ਉੱਤੇ ਬੈਂਕ ਲਿਮਿਟਾਂ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਹਰ ਪਸ਼ੂ ਪਾਲਕ ਆਪਣੀ ਸਹੂਲਤ ਅਨੁਸਾਰ ਇਹ ਲਿਮਿਟਾਂ ਬਣਾ ਸਕਦਾ ਹੈ। ਇਸ ਸਕੀਮ ਤਹਿਤ ਪਸ਼ੂ ਪਾਲਕ ਨੂੰ ਪ੍ਰਤੀ ਪਰਿਵਾਰ 3 ਲੱਖ ਰੁਪਏ ਦੀ ਰਾਸ਼ੀ 4 ਫ਼ੀਸਦੀ ਵਿਆਜ ਉੱਤੇ ਬੈਂਕਾਂ ਤੋਂ ਦਿਵਾਈ ਜਾਵੇਗੀ। ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਦੇ ਅਧਿਆਕਰੀਆਂ ਨੂੰ ਇਸ ਸਕੀਮ ਬਾਰੇ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਤਾਂ ਜੋ ਕਿ ਸਹਾਇਕ ਧੰਦਿਆਂ ਨਾਲ ਜੁੜੇ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਲੋੜੀਂਦੀ ਰਾਸ਼ੀ ਉਨ੍ਹਾਂ ਨੂੰ ਜਾਰੀ ਕੀਤੇ ਹੋਏ ਕਾਰਡ ਵਿਚੋਂ ਸਮੇਂ-ਸਮੇਂ ’ਤੇ ਕਢਵਾ ਸਕਦੇ ਹਨ ਅਤੇ ਕਿਸਾਨ ਕ੍ਰੈਡਿਟ ਕਾਰਡ ਵਾਂਗ ਸਾਲ ਦੇ ਇਕ ਦਿਨ ਪੂਰੀ ਲਿਮਿਟ ਵਾਪਸ ਕਰ ਕੇ ਨਵੀਂ ਲਿਮਿਟ ਬਣਾ ਸਕਦੇ ਹਨ।