ਗੁਰਬਖ਼ਸ਼ਪੁਰੀ
ਤਰਨ ਤਾਰਨ, 30 ਜਨਵਰੀ
ਕਾਂਗਰਸ ਪਾਰਟੀ ਨੇ ਆਖਰ ਇਸ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਿਟਿੰਗ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਹੀ ਪਾਰਟੀ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ| ਇਹ ਐਲਾਨ ਅੱਜ ਹੀ ਦਿੱਲੀ ਤੋਂ ਪਾਰਟੀ ਉਮੀਦਵਾਰਾਂ ਦੀ ਆਖਰੀ ਸੂਚੀ ਵਿੱਚ ਜਾਰੀ ਕੀਤਾ ਗਿਆ| ਇਸ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਆਪਣਾ ਉਮੀਦਵਾਰ ਲੇਟ ਐਲਾਨਣ ਤੋਂ ਪਾਰਟੀ ਵਰਕਰ ਡਾਢੇ ਪ੍ਰੇਸ਼ਾਨ ਚਲ ਰਹੇ ਸਨ ਅਤੇ ਇਸ ਸਥਿਤੀ ਦਾ ਹੋਰਨਾਂ ਰਾਜਸੀ ਧਿਰਾਂ ਦੇ ਆਗੂਆਂ ਵਲੋਂ ਲਾਹਾ ਲੈਂਦਿਆ ਹੋਇਆ ਕਾਂਗਰਸ ਪਾਰਟੀ ਦੇ ਇਕ ਵੱਡੀ ਗਿਣਤੀ ਵਰਕਰਾਂ-ਆਗੂਆਂ ਨੂੰ ਆਪਣੇ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਰੋਜ਼ਾਨਾ ਹੀ ਕੀਤੀਆਂ ਜਾ ਰਹੀਆਂ ਸਨ| ਸੁਖਪਾਲ ਸਿੰਘ ਭੁੱਲਰ ਨੇ ਇਸ ਸੀਟ ਤੋਂ 2017 ਦੀ ਚੋਣ ਵੇਲੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ 17055 ਵੋਟਾਂ ਦੇ ਭਾਰੀ ਅੰਤਰ ਨਾਲ ਪਿਛਾੜਿਆ ਸੀ| ਉਸ ਵੇਲੇ ਸੁਖਪਾਲ ਸਿੰਘ ਭੁੱਲਰ ਨੂੰ ਕੁੱਲ ਮਿਲੀਆਂ 64666 ਵੋਟਾਂ ਸੂਬੇ ਦੇ ਹੋਰਨਾਂ ਜੇਤੂ ਉਮੀਦਵਾਰਾਂ ਨਾਲੋਂ ਸਭ ਤੋਂ ਵੱਧ ਸਨ ਜਿਸ ਕਰਕੇ ਉਹ ਹੋਰਨਾਂ ਸਾਰੇ ਉਮੀਦਵਾਰਾਂ ਵਿੱਚ ਰਿਕਾਰਡ ਬਣਾਉਣ ਵਿੱਚ ਸਫਲ ਰਹੇ ਸਨ| ਇਸ ਵਾਰ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਲਈ ਭੁੱਲਰ ਪਰਿਵਾਰ ਅੰਦਰ ਆਪਸੀ ਖਿੱਚੋਤਾਨ ਨੂੰ ਕਾਰਨ ਆਖਿਆ ਜਾ ਰਿਹਾ ਹੈ| ਹਲਕੇ ਤੋਂ 2017 ਦੀ ਚੋਣ ਵਿੱਚ ਸੁਖਪਾਲ ਸਿੰਘ ਭੁੱਲਰ ਦੇ ਪਿਤਾ ਗੁਰਚੇਤ ਸਿੰਘ ਭੁੱਲਰ (ਸਾਬਕ ਮੰਤਰੀ) ਵੀ ਟਿਕਟ ਲੈਣ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ (ਗੁਰਚੇਤ ਸਿੰਘ ਭੁੱਲਰ) ਨੇ ਇਸ ਵਾਰ ਵੀ ਆਖਰੀ ਸਮੇਂ ਤੱਕ ਆਪਣੀ ਦਾਅਵੇਦਾਰੀ ਕਾਇਮ ਰੱਖੀ ਸੀ| ਸੁਖਪਾਲ ਸਿੰਘ ਭੁੱਲਰ ਦਾ ਵੱਡਾ ਭਰਾ ਅਨੂਪ ਸਿੰਘ ਭੁੱਲਰ ਵੀ ਆਪਣੇ ਪਿਤਾ ਦਾ ਸਮਰਥਨ ਕਰ ਰਿਹਾ ਸੀ| ਅਨੂਪ ਸਿੰਘ ਭੁੱਲਰ ਨੇ ਤਾਂ ਅੱਜ ਹੀ ਕਿਹਾ ਸੀ ਕਿ ਹਲਕੇ ਤੋਂ ਪਾਰਟੀ ਵਲੋਂ ਉਸ ਨੂੰ ਹੀ ਟਿਕਟ ਦਿੱਤੀ ਜਾ ਰਹੀ ਹੈ| ਸੁਖਪਾਲ ਸਿੰਘ ਭੁੱਲਰ ਪਿਛਲੇ ਪੰਜ ਸਾਲਾਂ ਦੌਰਾਨ ਚਰਚਾ ਵਿੱਚ ਰਹਿੰਦੇ ਆਏ ਹਨ ਅਤੇ ਇਸੇ ਕਰਕੇ ਹੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਦਾ ਅਜੇ ਤੱਕ ਵੀ ਐਲਾਨ ਨਹੀਂ ਸੀ ਕੀਤਾ| ਇਸ ਹਲਕੇ ਦੀ ਕੁੱਲ ਵੋਟ 211817 ਹੈ ਜਿਸ ਵਿੱਚ 110417 ਮਰਦ ਅਤੇ 101390 ਔਰਤ ਵੋਟਰਾਂ ਤੋਂ ਇਲਾਵਾ 10 ਹੋਰ ਵੋਟਰ ਹਨ| ਹਲਕੇ ਤੋਂ ਅਕਾਲੀ ਦਲ ਨੇ ਸਾਬਕ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਅਤੇ ‘ਆਪ’ ਨੇ ਸਰਵਨ ਸਿੰਘ ਧੁੰਨ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਹੈ|
ਡਾ. ਤਰਸੇਮ ਸਿੰਘ ਸਿਆਲਕਾ ਅਟਾਰੀ ਤੋਂ ਕਾਂਗਰਸ ਦੇ ਉਮੀਦਵਾਰ ਬਣੇ
ਅਟਾਰੀ (ਦਿਲਬਾਗ ਸਿੰਘ ਗਿੱਲ): ਕਾਂਗਰਸ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤੀਜੀ ਸੂਚੀ ’ਚ ਡਾ. ਤਰਸੇਮ ਸਿੰਘ ਸਿਆਲਕਾ ਨੂੰ ਵਿਧਾਨ ਸਭਾ ਹਲਕਾ ਅਟਾਰੀ ਤੋਂ ਉਮੀਦਵਾਰ ਐਲਾਨਿਆ ਹੈ। ਡਾ. ਤਰਸੇਮ ਸਿੰਘ ਪਿੰਡ ਸਿਆਲਕਾ ਦੇ ਜੰਮਪਲ ਹਨ ਅਤੇ ਮੌਜੂਦਾ ਸਮੇਂ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਹਨ।