ਪੱਤਰ ਪ੍ਰੇਰਕ
ਭੁਲੱਥ, 7 ਅਕਤੂਬਰ
ਸਥਾਨਕ ਸਬ-ਡਿਵੀਜ਼ਨ ਕੰਪਲੈਕਸ ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਸਾਥੀਆਂ ਵੱਲੋਂ ਵਿਧਾਨ ਸਭਾ ਵਿੱਚ ਨਾ ਬੋਲਣ ਦਿੱਤੇ ਜਾਣ, ਸਬ-ਡਿਵੀਜ਼ਨ ਵਿੱਚ ਸਰਕਾਰ ਵਲੋਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਨਾ ਕਰਨ ਤੇ ਹਲਕੇ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਨੂੰ ਮੁੱਦਾ ਬਣਾ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਜੀਓਜੀ ਦੇ ਕੈਪਟਨ ਬਲਬੀਰ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਰਛਪਾਲ ਸਿੰਘ, ਅਜੀਤ ਸਿੰਘ ਘੁੰਮਣ ਨੇ ਸੰਬੋਧਨ ਕੀਤਾ। ਸ੍ਰੀ ਖਹਿਰਾ ਨੇ ਦੱਸਿਆ ਕਿ ਉਸ ਦੀ ਸ਼ਾਖ਼ ਨੂੰ ਖੋਰਾ ਲਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਕੋਈ ਪੱਕਾ ਐੱਸਡੀਐੱਮ, ਤਹਿਸੀਲਦਾਰ, ਈਓ, ਬੀਡੀਪੀਓ, ਵੈਟਰਨਰੀ ਅਫ਼ਸਰ ਨਹੀਂ ਲਗਾਏ ਜਾ ਰਹੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਲੋਕਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਖਹਿਰਾ ਸਮਰਥਕਾਂ ਤੇ ‘ਆਪ’ ਸਮਰਥਕਾਂ ਦਾ ਟਕਰਾਅ ਟਲਿਆ
ਖਹਿਰਾ ਵੱਲੋਂ ਧਰਨਾ ਦੇਣ ਦੇ ਐਲਾਨ ਤੋਂ ਮਗਰੋਂ ‘ਆਪ’ ਦੇ ਹਲਕਾ ਇੰਚਾਰਜ ਵੱਲੋਂ ਵੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਲਈ ਉਸੇ ਥਾਂ ਜਲਸਾ ਕਰਨ ਦੇ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬਾਅਦ ਵਿੱਚ ਪ੍ਰਸ਼ਾਸਨ ਦੇ ਦੋਵਾਂ ਧਿਰਾਂ ਨੂੰ ਵੱਖ-ਵੱਖ ਥਾਂ ਧਰਨਾ/ਜਲਸਾ ਕਰਨ ਦੀ ਪ੍ਰਵਾਨਗੀ ਦਿੱਤੀ। ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਪਾਰਟੀ ਦੇ ਦਫ਼ਤਰ ਦੇ ਬਾਹਰ ਇਕੱਠ ਕੀਤਾ ਗਿਆ।