ਜਤਿੰਦਰ ਬੈਂਸ
ਗੁਰਦਾਸਪੁਰ, 30 ਅਗਸਤ
ਵਣ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਥਾਨਕ ਬਹਿਰਾਮਪੁਰ ਰੋਡ ’ਤੇ ਸਥਿਤ ਇਤਿਹਾਸਕ ਕੇਸ਼ੋਪੁਰ ਮਿਆਣੀ ਛੰਭ ਦਾ ਦੌਰਾ ਕੀਤਾ ਗਿਆ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਛੀਆਂ ਦੀ ਕੁਦਰਤੀ ਠਾਹਰ ਕੇਸ਼ੋਪੁਰ ਛੰਭ ਨੂੰ ਵਿਕਸਿਤ ਕਰਕੇ ਪੰਛੀਆਂ ਲਈ ਸੁਰੱਖਿਅਤ ਤੇ ਕੁਦਰਤੀ ਵਾਤਾਵਰਨ ਪੈਦਾ ਕੀਤਾ ਜਾਵੇਗਾ ਤਾਂ ਜੋ ਸਦੀਆਂ ਤੋਂ ਪਰਵਾਸ ਕਰਦੇ ਆ ਰਹੇ ਪੰਛੀ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਕੇਸ਼ੋਪੁਰ ਛੰਭ ਦੇ ਵਿਆਖਿਆ ਕੇਂਦਰ ਦੇ ਵਿਕਾਸ ਲਈ 21 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਰਕਮ ਵਿੱਚੋਂ 10 ਲੱਖ ਰੁਪਏ ਵਿਆਖਿਆ ਕੇਂਦਰ ਦੀ ਮੁਰੰਮਤ ਉੱਪਰ ਖਰਚ ਕੀਤੇ ਜਾਣਗੇ ਜਦਕਿ 11 ਲੱਖ ਰੁਪਏ ਦੀ ਲਾਗਤ ਨਾਲ ਇਥੇ ਇੱਕ ਖੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਵਿੱਚ ਬੱਚਿਆਂ ਲਈ ਝੂਲੇ ਅਤੇ ਵੱਡੇ ਵਿਅਕਤੀਆਂ ਲਈ ਓਪਨ ਜਿੰਮ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਨੂੰ ਹੋਰ ਵਿਕਸਤ ਕਰਕੇ ਪੰਛੀ ਪ੍ਰੇਮੀਆਂ ਲਈ ਦੋ ਈ-ਰਿਕਸ਼ੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਬਿਨਾਂ ਸ਼ੋਰ-ਸ਼ਰਾਬੇ ਦੇ ਇੱਥੇ ਆਉਣ ਵਾਲੇ ਵਿਅਕਤੀ ਪੰਛੀਆਂ ਨੂੰ ਨੇੜੇ ਤੋਂ ਜਾ ਕੇ ਨਿਹਾਰ ਸਕਣ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਵਿੱਚ ਸ਼ਾਨਦਾਰ ਰੈਸਟ ਹਾਊਸ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਸ਼ੋਪੁਰ ਛੰਭ ਅਤੇ ਕਥਲੌਰ ਰਿਜ਼ਰਵ ਸੈਂਕਚੁਰੀ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਜਲਦੀ ਹੀ ਵਿਕਸਿਤ ਕਰਨ ਦਾ ਖਾਕਾ ਤਿਆਰ ਕੀਤਾ ਜਾਵੇਗਾ। ਇਸ ਮੌਕੇ ਪਹਿਲਾਂ ਵਿਆਖਿਆ ਕੇਂਦਰ ਵਿੱਚ ਪੌਦੇ ਵੀ ਲਗਾਏ ਗਏ।