ਪਾਲ ਸਿੰਘ ਨੌਲੀ
ਜਲੰਧਰ, 5 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਵਿੱਚ ਲੋਕਾਂ ਨੂੰ ਸਹਿਯੋਗ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਸਤਿਗੁਰੂ ਕਬੀਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਸ਼ਾਂਤੀ ਅਤੇ ਭਰਾਤਰੀ ਪਿਆਰ ਦਾ ਸੁਨੇਹਾ ਮਨੁੱਖਤਾ ਨੂੰ ਦਿੱਤਾ। ਸਤਿਗੁਰੂ ਕਰੀਬ ਜੀ ਦੇ ਪ੍ਰਕਾਸ਼ ਉਤਸ਼ਵ ਮੌਕੇ ਜਲੰਧਰ ਵਿਚ ਸੂਬਾ ਸਰਕਾਰ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹੀ ਸਮਾਂ ਹੈ ਜਦੋਂ ਸਾਨੂੰ ਸਭ ਨੂੰ ਸਤਿਗੁਰੂ ਕਬੀਰ ਵਲੋਂ ਪੂਰੇ ਵਿਸ਼ਵ ਨੂੰ ਸ਼ਾਂਤੀ ਦੇ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤਿਗੁਰੂ ਕਬੀਰ ਨੇ ਨਿਰਸਵਾਰਥ ਹੋ ਕੇ ਸਮਾਜਿਕ ਬੁਰਾਈਆਂ ਜਿਵੇਂ ਜਾਤ, ਛੂਆ-ਛਾਤ ਖਿਲਾਫ਼ ਸਾਰੀ ਜ਼ਿੰਦਗੀ ਜੰਗ ਲੜੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਗੌਤਮ ਜੈਨ, ਜੈ ਇੰਦਰ ਸਿੰਘ ਅਤੇ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਵਰਜੀਤ ਵਾਲੀਆ ਅਤੇ ਹਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਅਨੁਪਮ ਕਲੇਰ ਅਤੇ ਹੋਰ ਵੀ ਹਾਜ਼ਰ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਮੈਡੀਕਲ ਸਿੱਖਿਆ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਭਗਤ ਕਬੀਰ ਜੀ ਦੇ 622ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਢੱਪਈ ਰੋਡ ਵਿਖੇ ਕਬੀਰ ਮਾਰਗ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਬੀਰ ਜੈਅੰਤੀ ਦੀ ਲੋਕਾਂ ਨੂੰ ਵਧਾਈ ਦਿੱਤੀ। ਊਨ੍ਹਾਂ ਦੱਸਿਆ ਕਿ ਇਸ ਗੇਟ ਦੀ ਉਸਾਰੀ ਲਈ 15 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜੇ ਇਸ ਵਾਸਤੇ ਹੋਰ ਫੰਡਾਂ ਦੀ ਲੋੜ ਹੋਈ ਤਾਂ ਉਹ ਵੀ ਮੁਹੱਈਆ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਭਗਤ ਕਬੀਰ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਕੋਵਿਡ ਸੰਕਟ ਦੇ ਟਾਕਰੇ ਲਈ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ। ਕੌਮਾਂਤਰੀ ਵਾਤਾਵਰਨ ਦਿਵਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਹੋਂਦ ਸਾਡੇ ਚੌਗਿਰਦੇ ਤੇ ਨਿਰਭਰ ਕਰਦੀ ਹੈ, ਇਸ ਲਈ ਵਾਤਾਵਰਨ ਦੀ ਸਾਂਭ ਸੰਭਾਲ ਕਰੀਏ। ਇਸ ਮੌਕੇ ਆਲ ਇੰਡੀਆ ਕਬੀਰ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਸੁਰਿੰਦਰ ਛਿੰਦਾ ਸਮੇਤ ਕੌਂਸਲਰ ਵਿਕਾਸ ਸੋਨੀ, ਸਰਬਜੀਤ ਸਿੰਘ ਲਾਟੀ, ਸੁਸ਼ਾਂਤ ਭਗਤ, ਮਾਸਟਰ ਬਲਵਿੰਦਰ ਸਿੰਘ, ਅਰਵਿੰਦਰ ਕੁਮਾਰ, ਐਡਵੋਕੇਟ ਦੀਪ ਇੰਦਰ ਤੇ ਹੋਰ ਹਾਜ਼ਰ ਸਨ।