ਧਾਰੀਵਾਲ (ਪੱਤਰ ਪ੍ਰੇਰਕ): ਪਿੰਡ ਭੁੰਬਲੀ ਵਿੱਚ ਬਾਬਾ ਚੱਠਾ ਯਾਦਗਾਰੀ ਇਤਿਹਾਸਕ ਦੋ ਰੋਜ਼ਾ ਸੱਭਿਆਚਾਰਕ ਅਤੇ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਮੇਲੇ ਦੇ ਆਖਰੀ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਬੱਡੀ ਟੂਰਨਾਮੈਂਟ ਦੌਰਾਨ ਐਕਸ਼ਨਾਂ ਵਾਲੀ ਕਬੱਡੀ ’ਚ ਜੇਪੀ ਕਬੱਡੀ ਕਲੱਬ ਕੈਨੇਡਾ ਨੇ ਰਾਏਪੁਰ ਚੰਡਾਲ ਦੀ ਟੀਮ ਨੂੰ 37-35 ਅੰਕਾਂ ਦੇ ਫਰਕ ਨਾਲ ਹਰਾਇਆ। ਕਬੱਡੀ ਸ਼ੋਅ ਮੈਚ ’ਚ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਯੂ.ਐੱਸ.ਏ ਟੀਮ ਨੇ ਬਾਬਾ ਹਜਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਟੀਮ ਨੂੰ 34-32 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਰੈਫਰੀ ਦੀ ਡਿਊਟੀ ਧੀਰਾ ਔਲਖ ਤੇ ਇੰਦਰਜੀਤ ਭਾਮ ਨੇ ਅਤੇ ਕੁਮੈਂਟਰ ਦੀ ਡਿਊਟੀ ਸਰਬਜੀਤ ਸਿੰਘ ਪਰਾਚਾ ਨੇ ਨਿਭਾਈ। ਮਾਲੀ ਕੁਸ਼ਤੀ ਵਿੱਚ ਪਹਿਲਵਾਨ ਪਾਲੀ ਘੁਮਾਣ ਨੇ ਲੱਖਾ ਗੁਰਦਾਸਪੁਰ ਨੂੰ ਚਿੱਤ ਕੀਤਾ।