ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 29 ਅਗਸਤ
ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲ (ਮੇਲਾ-ਜੱਗ) ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਧਰ ’ਤੇ ਆਰੰਭ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਮੀਟਿੰਗ ਕਰਦਿਆਂ ਮੈਨੇਜਰ ਯੁਵਰਾਜ ਸਿੰਘ, ਮੀਤ ਮੈਨੇਜਰ ਭਗਵੰਤ ਸਿੰਘ ਕਾਹਲਵਾਂ ਅਤੇ ਸਰਬਜੀਤ ਸਿੰਘ ਮੁੰਡਾਪਿੰਡ ਨੇ ਦੱਸਿਆ ਕਿ 9 ਅਤੇ 10 ਸਤੰਬਰ ਨੂੰ ਮਨਾਏ ਜਾ ਰਹੇ ਦੋ ਦਿਨਾ ਮੇਲੇ ਜੱਗ ਦੇ ਸਬੰਧ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੰਗਤ ਦੀ ਭਾਰੀ ਆਮਦ ਨੂੰ ਲੈ ਕੇ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਦੀ ਰਿਹਾਇਸ਼ ਅਤੇ ਪਾਰਕਿੰਗ, ਮੈਡੀਕਲ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਐੱਸਜੀਪੀਸੀ ਦੇ ਲਗਪਗ 250 ਮੁਲਾਜ਼ਮ ਸੰਗਤ ਦੀ ਸੇਵਾ ਵਿੱਚ ਤਾਇਨਾਤ ਕੀਤੇ ਗਏ ਹਨ। ਮੇਲੇ ਜੱਗ ਦੀ ਸਫਲਤਾ ਲਈ ਵੱਖ ਵੱਖ ਪਿੰਡਾਂ ਤੇ ਕਸਬਿਆਂ ਵਿੱਚ ਪ੍ਰਚਾਰ ਲਈ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ ਹਨ। ਮੈਨੇਜਰ ਯੁਵਰਾਜ ਸਿੰਘ ਨੇ ਕਿਹਾ ਮੇਲੇ ਜੱਗ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਲੀਆਂ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।