ਪੱਤਰ ਪ੍ਰੇਰਕ
ਤਰਨ ਤਾਰਨ, 13 ਮਾਰਚ
ਕਸਬਾ ਝਬਾਲ ਵਿਚ ਗੁਰਦੁਆਰਾ ਮਾਤਾ ਭਾਗੋ ਅਤੇ ਗੁਰਦੁਆਰਾ ਬੀਬੀ ਵੀਰੋ ਨੂੰ ਜਾਂਦੀ ਸੜਕ ਦੀ ਹਾਲਤ ਬੀਤੇ ਇਕ ਸਾਲ ਤੋਂ ਤਰਸਯੋਗ ਬਣੀ ਹੋਈ ਹੈ। ਇਸ ਸੜਕ ਨੂੰ ਬਣਾਉਣ ਲਈ ਪਿੰਡ ਵਾਸੀਆਂ ਵਲੋਂ ਲਗਾਤਾਰ ਕੀਤੀਆਂ ਗਈਆਂ ਬੇਨਤੀਆਂ ਨੂੰ ਅਧਿਕਾਰੀਆਂ ਵੱਲੋਂ ਪੂਰੀ ਤਰ੍ਹਾਂ ਨਾਲ ਅਣਗੌਲਿਆਂ ਕਰ ਦਿੱਤਾ ਗਿਆ ਹੈ| ਇਸ ਸੜਕ ਦੇ ਨੇੜੇ ਦੁਕਾਨ ਚਲਾਉਂਦੇ ਗੁਰਮੀਤ ਸਿੰਘ, ਜਗਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ| ਸੜਕ ਦੀ ਮੁਰੰਮਤ ਲਈ ਵਰਤੀ ਜਾਣ ਵਾਲੀ ਸਮੱਗਰੀ ਅੱਜ ਵੀ ਅਣਵਰਤੀ ਪਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਮੁਰੰਮਤ ਕਰਨ ਲਈ ਤੋੜ ਦਿੱਤੀ ਸੜਕ ਕਾਰਨ ਆਸ-ਪਾਸ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ| ਇਸ ਕਰ ਕੇ ਸੜਕ ’ਤੇ ਦੂਰ ਤੱਕ ਗੰਦਾ ਪਾਣੀ ਖੜ੍ਹਾ ਹੋ ਗਿਆ ਹੈ| ਇਸ ਸੜਕ ਤੋਂ ਲੋਕਾਂ ਦਾ ਲੰਘਣਾ ਮੁਸ਼ਕਲ ਬਣ ਗਿਆ ਹੈ|
ਲੋਕਾਂ ਨੇ ਕਿਹਾ ਕਿ ਇਹ ਸੜਕ ਪਿੰਡ ਦੇ ਦੋ ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਮਾਤਾ ਭਾਗੋ ਅਤੇ ਗੁਰਦੁਆਰਾ ਬੀਬੀ ਵੀਰੋ ਨੂੰ ਜਾਂਦੀ। ਇਸ ਕਾਰਨ ਸ਼ਰਧਾਲੂਆਂ ਨੂੰ ਵੀ ਮੁਸ਼ਕਲ ਆ ਰਹੀ ਹੈ| ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਇਸ ਸੜਕ ਦੀ ਮੁਰੰਮਤ ਦੀ ਮੰਗ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਕੋਲ ਵੀ ਗਏ ਹਨ ਪਰ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ| ਇਸ ਸਬੰਧੀ ਪੱਖ ਜਾਨਣ ਲਈ ਅਧਿਕਾਰੀ ਪਰਮਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ|