ਗੁਰਬਖਸ਼ਪੁਰੀ
ਤਰਨ ਤਾਰਨ, 9 ਅਗਸਤ
ਬੀਤੇ ਦਿਨੀਂ ਕੌਮੀ ਸ਼ਾਹ ਮਾਰਗ ’ਤੇ ਪਿੰਡ ਕੱਦਗਿੱਲ ਨੇੜੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਚਾਰ ਨੌਜਵਾਨਾਂ ਵਿੱਚੋਂ ਅੱਜ ਦੋ ਜਣਿਆਂ ਦਾ ਸਸਕਾਰ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ| ਸਸਕਾਰ ਮੌਕੇ ਮਾਹੌਲ ਬਹੁਤ ਹੀ ਸੋਗਮਈ ਸੀ| ਅੱਜ ਬਚਿੱਤਰ ਸਿੰਘ (30) ਅਤੇ ਜਸਦੀਪ ਸਿੰਘ (28) ਦਾ ਸਸਕਾਰ ਕੀਤਾ ਗਿਆ| ਰਣਜੀਤ ਸਿੰਘ (27) ਅਤੇ ਗਗਨਪ੍ਰੀਤ ਸਿੰਘ ਦੀ ਆਪਸ ਵਿੱਚ ਰਿਸ਼ਤੇਦਾਰੀ ਹੈ| ਇਨ੍ਹਾਂ ਦੇ ਪਰਿਵਾਰ ਸਸਕਾਰ ਲਈ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਹੇ ਹਨ| ਬਚਿੱਤਰ ਸਿੰਘ ਦਾ ਵਿਆਹ ਅਜੇ ਦੋ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੇ ਕੋਈ ਬੱਚਾ ਨਹੀਂ ਹੈ| ਉਹ ਭਾਵੇਂ ਇਕ ਵਧੀਆ ਜਿੰਮੀਦਾਰ ਸੀ ਪਰ ਉਹ ਨਾਲ ਹੀ ਮੋਬਾਈਲ ਆਦਿ ਦੀ ਦੁਕਾਨ ਵੀ ਕਰਦਾ ਸੀ| ਜਸਦੀਪ ਸਿੰਘ ਤਰਨ ਤਾਰਨ ਵਿੱਚ ਇਕ ਵੇਲੇ ਲੰਬਾ ਸਮਾਂ ਬੀਡੀਪੀਓ ਅਤੇ ਫਿਰ ਡੀਡੀਪੀਓ ਰਹੇ ਹਰਨੰਦਨ ਸਿੰਘ ਦਾ ਇਕਲੌਤਾ ਲੜਕਾ ਸੀ| ਹਰਨੰਦਨ ਸਿੰਘ ਇਕ ਵਿਲੱਖਣ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਉਨ੍ਹਾਂ ਨੂੰ ਵਧੇਰੇ ਕਰਕੇ ਲੋਕਾਂ ਵਲੋਂ (ਬਾਬਾ) ਹਰਨੰਦਨ ਸਿੰਘ ਕਰਕੇ ਪੁਕਾਰਿਆ ਜਾਂਦਾ ਹੈ| ਜਸਦੀਪ ਸਿੰਘ ਦਾ ਅਜੇ ਪੰਜ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ| ਪਿੰਡ ਵਰਾਨਾ ਵਿੱਚ ਇਨ੍ਹਾਂ ਚਾਰਾਂ ਦੀ ਜੋੜੀ ਇਕ ਵਿਲੱਖਣ ਕਿਸਮ ਦੇ ਕੰਮਾਂ ਕਰਕੇ ਜਾਣੀ ਜਾਂਦੀ ਸੀ| ਪਿੰਡ ਦੇ ਸਾਬਕਾ ਸਰਪੰਚ ਕਰਨਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਇਕ ਸਮਾਜ ਭਲਾਈ ਦੀ ਸੰਸਥਾ ਦਾ ਮੁਖੀ ਸੀ| ਇਸ ਸੰਸਥਾ ਰਾਹੀਂ ਉਹ ਗਰੀਬ ਲੋਕਾਂ ਦੀਆਂ ਲੜਕੀਆਂ ਦੇ ਵਿਆਹ ਆਦਿ ਕਰਨ ਲਈ ਸੇਵਾਵਾਂ ਦੇਣ ਸਮੇਤ ਹੋਰ ਭਲਾਈ ਦੇ ਕਾਰਜ ਕਰਦਾ ਸੀ| ਕਰਮਜੀਤ ਸਿੰਘ ਨੇ ਕਿਹਾ ਕਿ ਚਾਰੇ ਨੌਜਵਾਨ ਨਸ਼ਿਆਂ ਤੋਂ ਕੋਹਾਂ ਦੂਰ ਸਨ| ਜਸਦੀਪ ਸਿੰਘ ਤਾਂ ਅੰਮ੍ਰਿਤਧਾਰੀ ਸੀ| ਛੁੱਟੀ ਵਾਲਾ ਦਿਨ ਹੋਣ ਕਰਕੇ ਇਹ ਨੌਜਵਾਨ ਚੱਬਾ ਦੇ ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਗਏ ਸਨ ਕਿ ਵਾਪਸੀ ਤੇ ਹਾਦਸੇ ਦਾ ਸ਼ਿਕਾਰ ਹੋ ਗਏ| ਪਿੰਡ ਵਾਸੀ ਹਿੰਦਬੀਰ ਸਿੰਘ ਕਿਹਾ ਕਿ ਅਜਿਹੀ ਨੇਕ ਔਲਾਦ ਵਿਰਲਿਆਂ ਨੂੰ ਨਸੀਬ ਹੁੰਦੀ ਹੈ|