ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 16 ਜੁਲਾਈ
ਜੰਡਿਆਲਾ ਗੁਰੂ ਦੀਆਂ ਕਈਆਂ ਕਲੋਨੀਆਂ ਵਿੱਚ ਅਧੂਰੇ ਵਿਕਾਸ ਕਾਰਜਾਂ ਕਾਰਨ ਬਾਰਸ਼ ਦੇ ਦਿਨਾਂ ਵਿੱਚ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਰਡ ਨੰਬਰ-4 ਜੋਤੀਸਰ ਕਲੋਨੀ ਦੀ ਸੇਂਟ ਸੋਲਜ਼ਰ ਕਾਨਵੈਂਟ ਸਕੂਲ ਵਾਲੀ ਗਲੀ ਕੱਚੀ ਗਲੀ ਵਿੱਚ ਬਰਸਾਤ ਦੇ ਦਿਨਾਂ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਇਸ ਕੱਚੀ ਗਲੀ ਬਾਰੇ ਜਾਣਕਾਰੀ ਦਿੰਦਿਆਂ ਸੇਂਟ ਸੋਲਜ਼ਰ ਸਕੂਲ ਦੇ ਐੱਮਡੀ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਮੁਹੱਲਾ ਵਾਸੀਆਂ ਨੇ ਕਿਹਾ ਜੋਤੀਸਰ ਦੀ ਇਹ ਗਲੀ ਜੋ ਬਰਸਾਤ ਦੇ ਦਿਨਾਂ ਵਿੱਚ ਪੂਰੀ ਤਰ੍ਹਾਂ ਚਿੱਕੜ ਨਾਲ ਭਰ ਜਾਂਦੀ ਹੈ ਅਤੇ ਇਸ ਵਿੱਚੋਂ ਸਕੂਲੀ ਵਿਦਿਆਰਥੀਆਂ, ਰਾਹਗੀਰਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਸਥਾਨਕ ਲੋਕਾਂ ਨੂੰ ਇਹ ਰਸਤਾ ਛੱਡ ਕੇ ਦੂਸਰੇ ਪਾਸਿਓਂ ਬਹੁਤ ਦੂਰੀ ਤੋਂ ਲੰਘ ਕੇ ਆਉਣਾ ਪੈਂਦਾ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਇਸ ਅਧੂਰੇ ਵਿਕਾਸ ਕਾਰਜ ਦੇ ਮਾਮਲੇ ਨੂੰ ਨਗਰ ਕੌਂਸਲ ਅਧਿਕਾਰੀਆਂ ਅਤੇ ਆਗੂਆਂ ਦੇ ਧਿਆਨ ਵਿੱਚ ਵੀ ਕਈ ਵਾਰ ਲਿਆ ਚੁੱਕੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਜੋਤੀਸਰ ਮੁਹੱਲੇ ਦੀਆਂ ਬਾਕੀ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲੱਗ ਗਈਆਂ ਹਨ ਅਤੇ ਸਿਰਫ ਇਸ ਗਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕੱਲ੍ਹ ਹੋਈ ਬਾਰਸ਼ ਵਿੱਚ ਇਸ ਰਸਤੇ ਉੱਪਰ ਕਈ ਰਾਹਗੀਰਾਂ ਤੇ ਸਕੂਲੀ ਵਿਦਿਆਰਥੀ ਹਾਦਸੇ ਦਾ ਸ਼ਿਕਾਰ ਹੋਏ ਹਨ। ਸਥਾਨਕ ਵਾਸੀਆਂ ਨੇ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋਂ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਜਲਦੀ ਇਸ ਦਾ ਹੱਲ ਕਰਨ ਦੀ ਮੰਗ ਕੀਤੀ ਹੈ।