ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 30 ਅਗਸਤ
ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕ੍ਰਿਸ਼ਨ ਮੰਦਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਇਸ ਦੌਰਾਨ ਸ੍ਰੀ ਕ੍ਰਿਸ਼ਨ ਮੰਦਰ ਵਿੱਚ ਭਜਨ ਕੀਰਤਨ ਤੋਂ ਇਲਾਵਾ ਵਿਦਵਾਨਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਸਬੰਧੀ ਸੰਗਤਾਂ ਚਾਨਣਾ ਪਾਇਆ ਤੇ ਸ਼ਾਮ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪਾਲਕੀ ਸੁੰਦਰ ਢੰਗ ਨਾਲ ਸ਼ਿੰਗਾਰ ਕੇ ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਮਾਰਕੀਟ ਕਮੇਟੀ ਦੇ ਚੇਅਰਮੈਨ ਸਵਾਮੀਪਾਲ ਖੋਸਲਾ, ਬਲਵਿੰਦਰ ਸਿੰਘ ਨਾਭਾ, ਨੀਰਜ ਕੁਮਾਰ,ਹੈਪੀ ਮੋਹਨ ਲਾਲ ਕਾਲੀਆ, ਡਾ. ਲਾਡੀ, ਅਮਿਤ ਸ਼ਰਮਾ,ਪੰਡਤ ਸ਼ਿਵ ਪ੍ਰਕਾਸ਼ ਮਿਸ਼ਰਾ, ਜਗਦੀਸ਼ ਕੁਮਾਰ ਨੰਦਾ, ਆਕਾਸ਼ ਨੰਦਾ ਆਦਿ ਨਗਰ ਵਾਸੀ ਇਸ ਯਾਤਰਾ ’ਚ ਸ਼ਾਮਲ ਹੋਏ।
ਮਾਨਸਰ (ਪੱਤਰ ਪ੍ਰੇਰਕ) ਇਥੇ ਟੌਲ ਪਲਾਜ਼ਾ ਮਾਨਸਰ ’ਤੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਧਰਨਾ ਅੱਜ 324 ਵੇਂ ਦਿਨ ਵੀ ਜਾਰੀ ਰਿਹਾ। ਉਥੇ ਹੀ ਟੌਲ ਪਲਾਜ਼ਾ ’ਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ ਤੇ ਕਿਸਾਨ ਬੀਬੀਆਂ ਵੱਲ਼ੋਂ ਸਤਿਸੰਗ ਕਰਦੇ ਹੋਏ ਭਜਨ ਗਾਇਨ ਕੀਤਾ ਗਿਆ। ਇਸ ਮੌਕੇ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਮੁਕੇਰੀਆਂ ਆਸ਼ਰਮ ਦੇ ਇੰਚਾਰਜ ਬ੍ਰਹਮ ਕੁਮਾਰੀ ਭੈਣ ਮਧੂ ਜੀ ਉਚੇਚੇ ਤੌਰ ’ਤੇ ਪਹੁੰਚੇ। ਬ੍ਰਹਮ ਕੁਮਾਰੀ ਭੈਣ ਮਧੂ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜਦੋਂ ਵੀ ਧਰਤੀ ’ਤੇ ਅਧਰਮ ਹੋਇਆ ਫਿਰ ਖ਼ੁਦ ਭਗਵਾਨ ਨੇ ਪ੍ਰਗਟ ਹੋ ਕੇ ਪਾਪੀਆਂ ਦਾ ਨਾਸ਼ ਕੀਤਾ।
ਧਾਰੀਵਾਲ (ਪੱਤਰ ਪ੍ਰੇਰਕ) ਪਿੰਡ ਬੱਬਰੀ ਨੰਗਲ ਦੇ ਸਮੂਹ ਨਗਰ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਬਾਬਾ ਹਰੀ ਭਗਵਾਨ ਮੰਦਰ ਤੋਂ ਸੁੰਦਰ ਪਾਲਕੀ ਵਿੱਚ ਸ਼ੁਸੋਭਿਤ ਪਵਿੱਤਰ ਭਗਵੱਤ ਗੀਤਾ ਗ੍ਰੰਥ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਮੰਦਰ ਤੋਂ ਸ਼ੁਰੂ ਹੋ ਕੇ ਪੜਾਅਵਾਰ ਗੁਰਦੁਆਰਾ ਭਗਤ ਰਵਿਦਾਸ ਜੀ, ਗੁਰਦੁਆਰਾ ਚੜ੍ਹਦੀ ਪਤੀ, ਗੁਰਦੁਆਰਾ ਦੱਖਣ ਪੱਤੀ ਤੇ ਪਿੰਡ ਦੀਆਂ ਪ੍ਰਕਰਮਾ ਕਰਦਾ ਹੋਇਆ ਮੁੜ ਸ਼ਾਮ ਨੂੰ ਮੰਦਰ ’ਚ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਪਿੰਡ ਦੇ ਵੱਖ ਵੱਖ ਗੁਰਦੁਆਰਿਆਂ ਤੇ ਹੋਰ ਥਾਂਵਾਂ ’ਤੇ ਪੜਾਅਵਾਰ ਸਜਾਏ ਦੀਵਾਨਾਂ ’ਚ ਢਾਡੀ ਜਥਾ ਭਾਈ ਬਲੰਵਤ ਸਿੰਘ ਅਜ਼ਾਦ ਨੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ ਤੇ ਕ੍ਰਿਸ਼ਨ ਭਗਵਾਨ ਦੇ ਜੀਵਨ ਬਾਰੇ ਸੰਗਤ ਨੂੰ ਜਾਣੂ ਕਰਵਾਇਆ।
ਜਨਮ ਅਸ਼ਟਮੀ ਮੌਕੇ ਫ਼ਲਾਂ ਤੇ ਬਿਸਕੁਟਾਂ ਦਾ ਲੰਗਰ ਲਾਇਆ
ਧਾਰੀਵਾਲ (ਪੱਤਰ ਪ੍ਰੇਰਕ) ਸ਼ਹਿਰ ਦੇ ਵਾਰਡ ਨੰਬਰ 9, ਨਵੀਂ ਅਬਾਦੀ ਧਾਰੀਵਾਲ ਦੇ ਕੌਂਸਲਰ ਸੰਤੋਸ਼ ਕੌਰ, ਉਨ੍ਹਾਂ ਦੇ ਪਤੀ ਕਰਨੈਲ ਸਿੰਘ ਹੈਰੀ ਸੀਨੀਅਰ ਆਗੂ ਯੂਥ ਅਕਾਲੀ ਦਲ ਬਾਦਲ ਤੇ ਸਮੂਹ ਹੈਰੀ ਪਰਿਵਾਰ ਵੱਲੋਂ ਮਹੁੱਲਾ ਨਵੀਂ ਅਬਾਦੀ ਵਿੱਚੋਂ ਲੰਘਦੇ ਜੀਟੀ ਰੋਡ ਕਿਨਾਰੇ ਫ਼ਲ/ਫਰੂਟ, ਬਿਸਕੁਟ ਆਦਿ ਦਾ ਲੰਗਰ ਲਾਇਆ ਤੇ ਸ਼ਹਿਰ ਵਾਸੀਆਂ ਸ੍ਰੀ ਕਿਸ਼ਨ ਜਨਮ ਅਸ਼ਟਮੀਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਕਾਲੀ ਆਗੂ ਕਰਨੈਲ ਸਿੰਘ ਹੈਰੀ ਦੇ ਨਾਲ ਮਾਸਟਰ ਹੀਰਾ ਲਾਲ, ਤਿਲਕ ਰਾਜ, ਪਰਮਜੀਤ ਸਿੰਘ ਜੌਹਲ, ਮਹਿੰਦਰ ਸਿੰਘ ਹੋਟਲ ਵਾਲੇ, ਰਵੀ ਮਹਾਜਨ, ਸਾਬਕਾ ਕੌਂਸਲਰ ਕੁਲਦੀਪ ਸਿੰਘ ਟੋਨੀ ਆਦਿ ਨੇ ਫ਼ਰੂਟ, ਬਿਸਕੁਟ ਤੇ ਠੰਢਾ ਜਲ ਸੰਗਤ ਨੂੰ ਵਰਤਾਉਣ ਦੀ ਸੇਵਾ ’ਚ ਭਾਗ ਲਿਆ।