ਜਤਿੰਦਰ ਬੈੰਸ
ਗੁਰਦਾਸਪੁਰ, 2 ਅਪਰੈਲ
ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਜਾਨਲੇਵਾ ਹਮਲਾ ਹੋਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਇਥੇ ਦੇਰ ਸ਼ਾਮ ਸਥਾਨਕ ਬਰਿਆਰ ਬਾਈਪਾਸ ਉੱਤੇ ਸੜਕ ਜਾਮ ਕਰ ਦਿੱਤੀ ਤੇ ਆਵਾਜਾਈ ਰੋਕ ਦਿੱਤੀ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਜਾਮ ਲਗਾ ਹੋਇਆ ਸੀ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ।
ਕਿਸਾਨ ਆਗੂਆਂ ਬਲਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਭੋਜਰਾਜ ਤੇ ਐੱਸਪੀ ਗੋਸਲ ਨੇ ਕਿਹਾ ਕਿ ਇਕ ਗਿਣੀਮਿਥੀ ਸਾਜਿਸ਼ ਤਹਿਤ ਕਿਸਾਨ ਆਗੂ ਰਾਕੇਸ਼ ਟਿਕੈਤ ਉੱਤੇ ਰਾਜਸਥਾਨ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹੇ ਹਮਲਿਆਂ ਤੋਂ ਡਰ ਕੇ ਪਿਛਾਂਹ ਹੱਟਣ ਵਾਲੇ ਨਹੀਂ ਹਨ ਅਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ ’ਤੇ ਕੇਂਦਰ ਸਰਕਾਰ ਦੀ ਅੜੀਅਲ ਰਵੱਈਏ ਦੀ ਆਲੋਚਨਾ ਕੀਤੀ ਤੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ।