ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਨਵੰਬਰ
ਮਾਲ ਵਿਭਾਗ ਵਿੱਚ ਕਾਨੂੰਗੋਆਂ ਦੀ ਘਾਟ ਕਾਰਨ ਲੋਕਾਂ ਦੇ ਕੰਮ ਲਟਕ ਰਹੇ ਸਨ। ਹੁਣ ਸ਼ਹਿਰ ਵਿੱਚ 9 ਨਵੇਂ ਕਾਨੂੰਗੋ ਤਾਇਨਾਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲਣ ਦੀ ਆਸ ਬੱਝੀ ਹੈ। ਜਾਣਕਾਰੀ ਅਨੁਸਾਰ ਬੀਤੇ ਸਾਲ 5 ਕਾਨੂੰਗੋ ਸੇਵਾਮੁਕਤ ਹੋ ਗਏ ਸਨ ਪਰ ਉਸ ਤੋਂ ਬਾਅਦ ਨਵੀਂ ਤਾਇਨਾਤੀ ਨਹੀਂ ਕੀਤੀ ਗਈ। ਪਿਛਲੇ ਮਹੀਨੇ ਹੀ ਪਟਵਾਰੀਆਂ ਦੀ ਸਿਖਲਾਈ ਪ੍ਰੀਖਿਆ ਤੋਂ ਬਾਅਦ ਇਨ੍ਹਾਂ ਕਾਨੂੰਗੋਆਂ ਦੀ ਤਾਇਨਾਤੀ ਦਾ ਰਾਹ ਪੱਧਰਾ ਹੋ ਗਿਆ ਸੀ। ਲੰਘੀ 19 ਅਕਤੂਬਰ ਨੂੰ ਜਿਹੜੇ ਪਟਵਾਰੀ ਸਿਖਲਾਈ ਵਿੱਚੋਂ ਪਾਸ ਹੋਏ ਸਨ, ਉਨ੍ਹਾਂ ਨੂੰ ਤਰੱਕੀ ਦੇ ਕੇ ਕਾਨੂੰਗੋ ਬਣਾਇਆ ਗਿਆ ਹੈ। ਉਧਰ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਾਂ ਨੂੰ ਰਜਿਸਟਰੀ ਕਰਾਉਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।