ਪੱਤਰ ਪ੍ਰੇਰਕ
ਅਜਨਾਲਾ 23 ਅਗਸਤ
ਇਸ ਤਹਿਸੀਲ ਦੇ ਪਿੰਡ ਰੱਖ-ਉਠੀਆਂ ਵਿੱਚ ਨੀਵੀਆਂ ਜ਼ਮੀਨਾਂ ’ਚੋਂ ਬਰਸਾਤ ਦੇ ਵਾਧੂ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਲੈ ਕੇ ਅਤੇ ਪੱਕੇ ਹੋ ਰਹੇ ਸੂਏ ਦਾ ਕੰੰਮ ਰੋਕ ਕੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਲਾਇਆ ਪੱਕਾ ਧਰਨਾ ਅੱਜ 16ਵੇਂ ਦਿਨ ਵੀ ਜਾਰੀ ਰਿਹਾ, ਜਿੱਥੇ ਖਿਲਾਫ ਕਿਸਾਨਾਂ ਵੱਲੋਂ ਅਧਿਕਾਰੀਆਂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਸਲੇ ਦੇ ਹੱਲ ਦੀ ਮੰਗ ਕੀਤੀ।
ਜਮਹੂਰੀ ਕਿਸਾਨ ਸਭਾ ਦੇ ਆਗੂ ਪ੍ਰੋ. ਅਮਰੀਕ ਸਿੰਘ ਛੀਨਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਧਰਨੇ ’ਤੇ ਬੈਠੇ ਹੋਏ ਹਨ ਪਰ ਅਧਿਕਾਰੀਆਂ ਦਾ ਕਿਸਾਨਾਂ ਪ੍ਰਤੀ ਬਹੁਤ ਹੀ ਮਾੜਾ ਵਤੀਰਾ ਸਾਮਣੇ ਆ ਰਿਹਾ ਹੈ ਕਿਉਂਕਿ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਇੱਥੇ ਪਹੁੰਚ ਕੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਦਾ ਭਰੋਸਾ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਕਿਸਾਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸਮੇਂ ਬਾਜ਼ ਸਿੰਘ ਉਠੀਆਂ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਸੂਬਾ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ ਬਿੱਟਾ ਹਾਜ਼ਰੀ ਸਨ।