ਗੁਰਬਖਸ਼ਪੁਰੀ
ਤਰਨ ਤਾਰਨ, 28 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਨਾਰਾਜ਼ ਚਲ ਰਹੇ ਪਾਰਟੀ ਆਗੂ ਇਕਬਾਲ ਸਿੰਘ ਸੰਧੂ ਨੂੰ ਜਨਰਲ ਸਕੱਤਰ ਬਣਾ ਦਿੱਤਾ ਹੈ| ਇਕਬਾਲ ਸਿੰਘ ਹਲਕੇ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਮੁੱਖ ਸੇਵਾਦਾਰ (ਇੰਚਾਰਜ) ਬਣਾਉਣ ’ਤੇ ਨਰਾਜ਼ ਚੱਲਦਿਆਂ ਬਰਾਬਰ ਦੀਆਂ ਗਤਿਵਿਧਿਆਂ ਜਾਰੀ ਰੱਖ ਰਹੇ ਸਨ| ਇਸ ਸਬੰਧੀ ਸੁਖਬੀਰ ਸਿੰਘ ਬਾਦਲ ਅੱਜ ਇਕਬਾਲ ਸਿੰਘ ਸੰਧੂ ਦੀ ਇੱਥੇ ਸਥਿਤ ਰਿਹਾਇਸ਼ ’ਤੇ ਆਏ| ਉਨ੍ਹਾਂ ਇਕਬਾਲ ਸਿੰਘ ਵੱਲੋਂ ਆਪਣੇ ਸਮਰਥਕਾਂ ਦੇ ਬੁਲਾਏ ਇਕੱਠ ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਉਣ ਦਾ ਐਲਾਣ ਕੀਤਾ ਅਤੇ ਨਾਲ ਹੀ ਯਕੀਨ ਦਿੱਤਾ ਕਿ ਸਮਾਂ ਆਉਣ ’ਤੇ ਉਨ੍ਹਾਂ ਨੂੰ ਹੋਰ ਵੀ ਵੱਡਾ ਅਹੁਦਾ ਦਿੱਤਾ ਜਾਵੇਗਾ| ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਾਬਕ ਵਿਧਾਇਕ ਨੇ ਵੀ ਸੰਬੋਧਨ ਕੀਤਾ| ਸੁਖਬੀਰ ਸਿੰਘ ਬਾਦਲ ਨੇ ਇਕਾਬਲ ਸਿੰਘ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ|