ਪੱਤਰ ਪ੍ਰੇਰਕ
ਰਈਆ, 8 ਅਕਤੂਬਰ
ਸਰਕਾਰੀ ਹਾਈ ਸਕੂਲ ਚਵਿੰਡਾ ਦੇ ਹੈੱਡਮਾਸਟਰ ਅਤੇ ਮਹਿਲਾ ਅਧਿਆਪਕ ਦੇ ਸਕੂਲ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਫੜੇ ਜਾਣ ਦੇ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਾਂਚ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨਿੰਦਰ ਸਿੰਘ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦੀਆਂ ਦੋ ਬੇਟੀਆਂ ਸਰਕਾਰੀ ਹਾਈ ਸਕੂਲ ਚਵਿੰਡਾ ਕਲਾਂ ਵਿਚ ਪੜ੍ਹਦੀਆਂ ਹਨ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਸਕੂਲ ਦੇ ਹੈੱਡਮਾਸਟਰ ਅਤੇ ਇਕ ਮਹਿਲਾ ਅਧਿਆਪਕ ਦੇ ਨਾਜਾਇਜ਼ ਸਬੰਧ ਹਨ, ਜਿਸ ਨਾਲ ਸਕੂਲ ਦਾ ਮਾਹੌਲ ਖ਼ਰਾਬ ਹੁੰਦਾ ਹੈ। ਇਸ ਸਬੰਧੀ ਪਹਿਲਾਂ ਵੀ ਇਕ ਸਕੂਲ ਅਧਿਆਪਕਾ ਨੇ ਡੀਈਓ ਸੈਕੰਡਰੀ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਉਕਤ ਹੈੱਡਮਾਸਟਰ ਦੇ ਉੱਚ ਅਹੁਦੇ ’ਤੇ ਤਾਇਨਾਤ ਰਿਸ਼ਤੇਦਾਰ ਅਧਿਕਾਰੀ ਵਲੋਂ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਗਈ। ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਡੀਪੀਆਈ ਦਫ਼ਤਰ ਤੋਂ ਪੱਤਰ ਪ੍ਰਾਪਤ ਹੋਣ ਉਪਰੰਤ ਜਾਂਚ ਲਈ ਤਿੰਨ ਪ੍ਰਿੰਸੀਪਲਾਂ ਦੇ ਆਧਾਰਿਤ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਇਸ ਕਮੇਟੀ ਵਿਚ ਪ੍ਰਿੰਸੀਪਲ ਰਾਜੀਵ ਕਪੂਰ ਬਿਆਸ, ਪ੍ਰਿੰਸੀਪਲ ਅਵਤਾਰ ਸਿੰਘ ਚੱਬਾ ਤੇ ਪ੍ਰਿੰਸੀਪਲ ਗੁਰਵਿੰਦਰ ਜੀਤ ਕੌਰ ਜਗਦੇਵ ਕਲਾ ਸ਼ਾਮਲ ਕੀਤਾ ਗਿਆ ਹੈ।