ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਮਾਰਚ
ਇੱਥੇ ਆਲ ਇੰਡੀਆ ਵਰਕਿੰਗ ਵੁਮੈਨਜ਼ ਫੋਰਮ ਦੀ ਅਗਵਾਈ ਵਿਚ ਮਹਿਲਾ ਦਿਵਸ ਮਨਾਇਆ ਗਿਆ। ਘਰੇਲੂ ਮਜ਼ਦੂਰ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਦਸਵਿੰਦਰ ਕੌਰ ਨੇ ਔਰਤਾਂ ਦੇ ਮਸਲਿਆਂ ਉਪਰ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਾਰਪੋਰੇਟ ਵਿਕਾਸ ਮਾਡਲ ਵਿਚ ਔਰਤਾਂ ਨੂੰ ਵਾਪਰਕ ਵਸਤੂ ਵਜੋਂ ਪੇਸ਼ ਕਰਨ ਦੀ ਨਿੰਦਾ ਕੀਤੀ। ਇਸੇ ਦੌਰਾਨ ਪੁਲੀਸ ਵਿਭਾਗ ਵਲੋਂ ਚੀਫ ਖਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਮਹਿਲਾ ਦਿਵਸ ਮਨਾਇਆ ਗਿਆ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਰਣਜੀਤ ਐਵੇਨਊ ਸਥਿਤ ਐੱਲ.ਆਈ.ਸੀ ਯੂਨਿਟ-3 ਬਰਾਂਚ ਵਿੱਚ ਅੱਜ ਮਹਿਲਾ ਦਿਵਸ ਮਨਾਇਆ ਗਿਆ। ਦਫਤਰ ਦੇ ਮਹਿਲਾ ਸਟਾਫ ਨੇ ਇਸ ਸਮੇਂ ਕੇਕ ਕੱਟਿਆ। ਸਹਾਇਕ ਸ਼ਾਖਾ ਪ੍ਰਬੰਧਕ ਸੁਰਿੰਦਰ ਕੁਮਾਰ ਤੇ ਗੁਰਸ਼ਰਨ ਸਿੰਘ ਨੇ ਇਸ ਸਮੇਂ ਸਮੂਹ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪਠਾਨਕੋਟ (ਪੱਤਰ ਪ੍ਰੇਰਕ): ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲੇ ਵਿੱਚ ਕੌਮਾਂਤਰੀ ਮਹਿਲਾ ਦਿਵਸ ਦਾ ਇੱਕ ਸਮਾਗਮ ਕੌਮੀ ਸੇਵਾ ਯੋਜਨਾ (ਐੱਨਐੱਸਐੱਸ) ਵਿੰਗ ਵੱਲੋਂ ਸੰਗੀਤਾ ਮਹਾਜਨ ਅਤੇ ਰਿੰਕੀ ਬਾਲਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸਤਿੰਦਰ ਕਾਹਲੋਂ ਨੇ ਕੀਤੀ ਜਦ ਕਿ ਨਾਰਕੋਟਿਕਸ ਵਿੰਗ ਦੇ ਡੀਐੱਸਪੀ ਸੱਤਪਾਲ ਸਿੰਘ ਮੁੱਖ ਰੂਪ ਵਿੱਚ ਸ਼ਾਮਲ ਹੋਏ।
ਸ਼ਾਹਕੋਟ (ਪੱਤਰ ਪ੍ਰੇਰਕ): ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਚ ਅੱਜ ਮਹਿਲਾ ਦਿਵਸ ਮਨਾ ਕੇ ਸੈਸ਼ਨ 2022-2023 ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਪ੍ਰਿੰਸੀਪਲ ਸੰਦੀਪ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਔਰਤ ਦਿਵਸ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬਰਾਬਰ ਦੇ ਹੱਕ ਹਾਸਲ ਕਰਨ ਲਈ ਔਰਤਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ। ਸਕੂਲ ਦੇ ਟਰੱਸਟੀ ਰਾਮ ਮੂਰਤੀ ਨੇ ਔਰਤ ਦਿਵਸ ਦੀ ਵਧਾਈ ਦਿੰਦੇ ਇਸ ਸੈਸ਼ਨ ਵਿਚ ਕਿਸੇ ਪ੍ਰਕਾਰ ਦੀ ਕਿਸੇ ਕਿਸਮ ਦੀ ਰੁਕਾਵਟ ਨਾਂ ਆਉਣ ਦੀ ਕਾਮਨਾ ਕੀਤੀ। ਚੇਅਰਪਰਸਨ ਡਾ. ਸੀਮਾ ਬੇਰੀ, ਤੇਜਪਾਲ ਸਿੰਘ ਥਿੰਦ ਅਤੇ ਹੋਰਨਾਂ ਨੇ ਸਟਾਫ ਨੂੰ ਸਨਮਾਨਿਤ ਕੀਤਾ।
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਕੌਮਾਂਤਰੀ ਔਰਤ ਦਿਵਸ ਮੌਕੇ ਅੱਜ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਮੌਕੇ ਬੱਚਿਆਂ ਦੀਆਂ ਮਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸਕੂਲ ਹੈੱਡ ਗਰਲ ਮਨਜੋਤ ਕੌਰ ਨੇ ਮਾਵਾਂ ਨੂੰ ਜੀ ਆਇਆਂ ਕਹਿੰਦਿਆਂ ਕੀਤੀ। ਇਸ ਉਪਰੰਤ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਅਧਿਆਪਕਾ ਗੁਰਵਿੰਦਰ ਕੌਰ ਅਤੇ ਅਨੂ ਬਾਲਾ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਮਾਵਾਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਨਿਰਦੇਸ਼ਾਂ ਤਹਿਤ ਪ੍ਰੋ. ਡਾ. ਰਾਜ ਕੁਮਾਰੀ ਦੀ ਅਗਵਾਈ ਹੇਠ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਮਹਿਲਾ ਸਟਾਫ ਵੱਲੋਂ ਅੰਤਰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਇਸ ਸਮਾਰੋਹ ਵਿੱਚ ਹਿੱਸਾ ਲਿਆ। ਸਮਾਰੋਹ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਕਾਮਰਸ ਵਿਭਾਗ ਦੇ ਪ੍ਰੋਫੈਸਰ ਜਗਦੀਪ ਕੁਮਾਰੀ ਨੇ ਸ਼ਿਰਕਤ ਕੀਤੀ।
ਫਗਵਾੜਾ (ਪੱਤਰ ਪ੍ਰੇਰਕ): ਕੌਮਾਂਤਰੀ ਮਹਿਲਾ ਦਿਵਸ ਅੱਜ ਵੱਖ ਵੱਖ ਥਾਵਾਂ ’ਤੇ ਮਨਾਇਆ ਗਿਆ। ਮੋਹਨ ਲਾਲ ਉੱਪਲ ਡੀ.ਏ.ਵੀ ਕਾਲਜ ਵਿੱਚ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਅਗਵਾਈ ’ਚ ਇਸ ਦਿਹਾੜੇ ਮੌਕੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਰਾਮਗੜ੍ਹੀਆਂ ਕਾਲਜ ਆਫ਼ ਐਜੂਕੇਸ਼ਨ ਵਿਖੇ ਇਹ ਦਿਵਸ ਮਨਾਇਆ ਗਿਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਐੱਮ.ਆਰ ਇੰਟਰਨੈਸ਼ਨਲ ਸਕੂਲ ਆਦਮਪੁਰ ਵਿਚ ਪ੍ਰਿੰਸੀਪਲ ਨਵਦੀਪ ਵਸ਼ਿਸਟ ਦੀ ਦੇਖ-ਰੇਖ ਹੇਠ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਅਧਿਆਪਕਾ ਪੂਨਮ ਤੇ ਸੁਮਿਤੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।
ਗੁਰਦਾਸਪੁਰ (ਪੱਤਰ ਪ੍ਰੇਰਕ): ਕੌਮਾਂਤਰੀ ਮਹਿਲਾ ਦਿਵਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਅਤੇ ਆਸ਼ਾ ਅਤੇ ਫੈਸਿਲੀਟੇਟਰਜ਼ ਵੱਲੋਂ ਬਹਿਰਾਮਪੁਰ ਰੋਡ ਸਥਿਤ ਕਾਮਰੇਡ ਅਮਰੀਕ ਸਿੰਘ ਯਾਦਗਰੀ ਹਾਲ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੰਵਿਧਾਨ ‘ਚ ਦਰਜ ਹੱਕਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਕਮਲੇਸ਼ ਕੁਮਾਰੀ, ਐਡਵੋਕੇਟ ਬਲਵਿੰਦਰ ਕੌਰ ਬਾਜਵਾ ਨੇ ਕੀਤੀ।
ਇਸਤਰੀ ਸਭਾ ਵੱਲੋਂ ਜਾਗਰੂਕਤਾ ਕਨਵੈਨਸ਼ਨ
ਅਜਨਾਲਾ (ਪੱਤਰ ਪ੍ਰੇਰਕ): ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਤੇ ਸਮਾਜ ਵਿੱਚ ਬਰਾਬਰ ਦੇ ਅਧਿਕਾਰ ਦਿਵਾਉਣ ਲਈ ਜਨਵਾਦੀ ਇਸਤਰੀ ਸਭਾ ਵੱਲੋਂ ਅੱਜ ਇੱਥੇ ਤਹਿਸੀਲ ਪੱਧਰੀ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਵਿੱਚ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਸਮਾਜ ਅੰਦਰ ਅਜੇ ਵੀ ਔਰਤਾਂ ਨਾਲ ਅਨਿਆਂ ਹੋ ਰਿਹਾ ਹੈ। ਡਾ. ਅਜਨਾਲਾ ਨੇ ਔਰਤਾਂ ਨੂੰ ਸਮਾਜ ਅੰਦਰ ਬਰਾਬਰ ਦੇ ਹੱਕ ਲੈਣ ਲਈ ਵੱਡਾ ਸੰਘਰਸ਼ ਵਿੱਢਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਇਸਤਰੀ ਸਭਾ ਦੇ ਪ੍ਰਧਾਨ ਅਜੀਤ ਕੌਰ ਕੋਟ ਰਜਾਦਾ ਨੇ ਔਰਤ ਨੂੰ ਸਮਾਜ ਦੀ ਸਿਰਜਣਾ ਲਈ ਅਹਿਮ ਕਰਾਰ ਦਿੱਤਾ।
ਔਰਤਾਂ ਨੂੰ ਇਕਜੁੱਟ ਹੋਣ ਦਾ ਸੱਦਾ
ਨਵਾਂਸ਼ਹਿਰ (ਪੱਤਰ ਪ੍ਰੇਰਕ): ਇਸਤਰੀ ਜਾਗ੍ਰਿਤੀ ਮੰਚ ਵਲੋਂ ਅੱਜ ਨਵਾਂਸ਼ਹਿਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸਥਾਨਕ ਬੱਸ ਅੱਡੇ ’ਤੇ ਕੀਤੇ ਗਏ ਇਸ ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਸੁਦੇਸ਼ ਕੁਮਾਰੀ, ਰਣਜੀਤ ਕੌਰ ਤਲਵੰਡੀ, ਸੁਰਿੰਦਰ ਕੌਰ ਕੋਟ ਰਾਂਝਾ ਨੇ ਕੀਤੀ।
ਮਹਿਲਾ ਦਿਵਸ ਮੌਕੇ ਪੁਲੀਸ ਵੱਲੋਂ ਸਮਾਗਮ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਵਲੋਂ ਸਥਾਨਕ ਪੁਲੀਸ ਲਾਈਨ ਵਿਚ ਐੱਸ.ਐੱਸ.ਪੀ ਦੀ ਪਤਨੀ ਸ਼ਵੇਤਾ ਨਿੰਬਲੇ ਅਤੇ ਉਪ ਪੁਲੀਸ ਕਪਤਾਨ ਨਵਨੀਤ ਕੌਰ ਗਿੱਲ ਦੀ ਅਗਵਾਈ ਹੇਠ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਔਰਤਾਂ ਦੇ ਰੋਗਾਂ, ਇਨ੍ਹਾਂ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਤੋਂ ਬਚਾਅ ’ਤੇ ਚਰਚਾ ਕੀਤੀ ਗਈ।
ਬਟਾਲਾ (ਖੇਤਰੀ ਪ੍ਰਤੀਨਿਧ): ਬਟਾਲਾ ਪੁਲੀਸ ਨੇ ਅੱਜ ਪੁਲੀਸ ਲਾਈਨ ਬਟਾਲਾ ਵਿੱਚ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਐਸਐਸਪੀ ਬਟਾਲਾ ਗੌਰਵ ਤੂਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪੁਲੀਸ ਦੀਆਂ ਮਹਿਲਾ ਕਰਮਚਾਰੀਆਂ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ। ਐੱਸਐਸੱਪੀ ਬਟਾਲਾ ਨੇ ਮਹਿਲਾ ਕਰਮਚਾਰੀਆਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਮਹਿਲਾਵਾਂ ਕਿਸੇ ਵੀ ਪੱਖੋਂ ਮਰਦਾਂ ਨਾਲੋਂ ਘੱਟ ਨਹੀਂ ਅਤੇ ਇਹ ਮਹਿਲਾਵਾਂ ਨੇ ਆਪਣੀ ਯੋਗਤਾ ਨਾਲ ਸਾਬਤ ਕਰ ਦਿੱਤਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਹਿਲਾ ਪੁਲੀਸ ਕਰਮਚਾਰੀਆਂ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਸਥਾਨਕ ਪੁਲੀਸ ਲਾਈਨ ਵਿੱਚ ਮਹਿਲਾਂ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ। ਇਸ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜੁਆਇੰਟ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਡੀ. ਸੂਡਰਵਿਜੀ ਆਈ.ਪੀ.ਐਸ ਅਤੇ ਏ.ਡੀ.ਸੀ.ਪੀ ਸਪੈਸ਼ਲ ਅੰਮ੍ਰਿਤਸਰ ਜਸਵੰਤ ਕੌਰ ਪੀ.ਪੀ.ਐਸ, ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ। ਕਮਿਸ਼ਨਰ ਪੁਲੀਸ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ। ਪ੍ਰੋਗਰਾਮ ਦਾ ਅਗਾਜ਼ ਐੱਸ.ਆਈ ਰਜਨੀ ਅਤੇ ਐਸ.ਆਈ ਦਿਲਪ੍ਰੀਤ ਕੌਰ ਨੇ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਕੀਤਾ। ਇਸ ਉਪਰੰਤ ਕਲਚਰ ਪ੍ਰੋਗਰਾਮ ਵਿੱਚ ਮਹਿਲਾ ਸਿਪਾਹੀਆਂ ਵੱਲੋਂ ਗਿੱਧਾ, ਭੰਗੜਾ ਅਤੇ ਗੀਤ ਗਾ ਕੇ ਆਪਣੀ ਕਲਾ ਦੇ ਜੌਹਰ ਦਿਖਾਏ ਗਏ।