ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਜੁਲਾਈ
ਸੀਨੀਅਰ ਮੈਡੀਕਲ ਅਫ਼ਸਰ ਕਾਹਨੂੰਵਾਨ ਡਾ. ਕਰਨ ਕੁਮਾਰ ਸੈਣੀ ਦੀ ਅਗਵਾਈ ਹੇਠ ਕਸਬੇ ਦੇ ਮੇਨ ਬਾਜ਼ਾਰ ਵਿੱਚ ਵੱਖ ਵੱਖ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਫਲ-ਫਰੂਟ, ਕਰਿਆਨਾ ਅਤੇ ਮੀਟ ਵਾਲੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਫਰੂਟ ਵੇਚਣ ਵਾਲੀਆਂ ਦੁਕਾਨਾਂ ’ਤੇ ਗਲਿਆ-ਸੜਿਆ ਸਾਮਾਨ ਤੇ ਜ਼ਿਆਦਾ ਪੱਕੇ ਹੋਏ ਫਲ ਵੇਚਣ ਦੀ ਮਨਾਹੀ ਕੀਤੀ ਗਈ।
ਸਿਹਤ ਟੀਮ ਨੇ ਕਰਿਆਨਾ ਅਤੇ ਮੀਟ ਵੇਚਣ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਹਦਾਇਤ ਕੀਤੀ ਕਿ ਬਰਸਾਤ ਤੇ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਾਫ਼-ਸੁਥਰਾ ਸਾਮਾਨ ਵੇਚਿਆ ਜਾਵੇ ਅਤੇ ਦੁਕਾਨਾਂ ’ਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸਿਗਰਟਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ’ਤੇ ਖੁੱਲ੍ਹੀਆਂ ਸਿਗਰਟਾਂ ਤੇ ਬਿਨਾਂ ਲੇਬਲ ਲੱਗੀਆਂ ਸਿਗਰਟਾਂ ਵੇਚਣ ਵਾਲੀਆਂ ਦੁਕਾਨਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ ਤੇ ਅੱਗੇ ਤੋਂ ਅਜਿਹਾ ਸਾਮਾਨ ਨਾ ਵੇਚਣ ਦੀ ਤਾੜਨਾ ਕਰਕੇ ਛੱਡ ਦਿੱਤਾ ਗਿਆ। ਇਸ ਮੌਕੇ ਮਲੇਰੀਆ ਅਫ਼ਸਰ ਰਛਪਾਲ ਸਿੰਘ, ਹੈਲਥ ਇੰਸਪੈਕਟਰ ਦਲੀਪ ਰਾਜ, ਹੈਲਥ ਇੰਸਪੈਕਟਰ ਮਹਿੰਦਰਪਾਲ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ ਤੇ ਲਖਬੀਰ ਸਿੰਘ ਹਾਜ਼ਰ ਸਨ ।