ਪੱਤਰ ਪ੍ਰੇਰਕ
ਪਠਾਨਕੋਟ, 2 ਜੁਲਾਈ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਧਾਰ ਬਲਾਕ ਦੇ ਪਿੰਡ ਨਾਰਾਇਣਪੁਰ ਦਾ ਦੌਰਾ ਕੀਤਾ ਅਤੇ ਉਥੇ ਬਣਾਏ ਜਾ ਰਹੇ ਚੈਕ ਡੈਮ ਦੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਠਾਕੁਰ ਅਮਿਤ ਸਿੰਘ ਮੰਟੂ ਨੇ ਦੱਸਿਆ ਕਿ ਇਹ ਖੇਤਰ ਨੀਮ ਪਹਾੜੀ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਇਥੋਂ ਨਿਕਲਣ ਵਾਲੇ ਨਾਲਿਆਂ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ ਜਦਕਿ ਇਸ ਬਰਸਾਤੀ ਪਾਣੀ ਦਾ ਕੋਈ ਉਪਯੋਗ ਨਹੀਂ ਹੋ ਰਿਹਾ ਅਤੇ ਇਹ ਵਿਅਰਥ ਚਲਾ ਜਾਂਦਾ ਹੈ। ਇਸ ਕਰਕੇ ਇਸ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਅਤੇ ਇਸ ਦੀ ਸਿੰਚਾਈ ਕੰਮਾਂ ਵਿੱਚ ਵਰਤੋਂ ਕਰਨ ਦੇ ਉਦੇਸ਼ ਨਾਲ ਭੂਮੀ ਰੱਖਿਆ ਵਿਭਾਗ ਵੱਲੋਂ ਇਥੇ ਚੈਕ ਡੈਮ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਚੈਕ ਡੈਮ ਦਾ ਨਿਰਮਾਣ ਕਾਰਜ 10 ਏਕੜ ਜ਼ਮੀਨ ’ਤੇ ਕੀਤਾ ਜਾ ਰਿਹਾ ਹੈ। ਇਸ ਚੈਕ ਡੈਮ ਵਿੱਚ ਪਾਣੀ ਨੂੰ ਸਟੋਰ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਉਕਤ ਪਾਣੀ ਦੀ ਵਰਤੋਂ ਕਿਸਾਨ ਸਿੰਚਾਈ ਦੇ ਲਈ ਪੂਰਾ ਸਾਲ ਕਰ ਸਕਣਗੇ। ਇਸ ਮੌਕੇ ਭੂਰੀ ਸਿੰਘ, ਰੋਸ਼ਨ ਸ਼ਰਮਾ, ਮਾਨ ਸਿੰਘ, ਸੰਨੀ ਪਠਾਨੀਆ, ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।