ਕੇਪੀ ਸਿੰਘ
ਗੁਰਦਾਸਪੁਰ, 1 ਦਸੰਬਰ
ਇੱਥੇ ਸਿਵਲ ਹਸਪਤਾਲ ਵਿੱਚ ਜਣੇਪੇ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋ ਜਾਣ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਡਾਕਟਰ ਦੀ ਲਾਪਰਵਾਹੀ ਦੱਸਦਿਆਂ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਐੱਸਐੱਮਓ ਡਾ. ਚੇਤਨਾ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਕੀਤੇ ਜਾਣ ਦੀ ਗੱਲ ਕੀਤੇ ਜਾਣ ’ਤੇ ਧਰਨਾ ਚੁੱਕਿਆ ਗਿਆ।
ਇਸ ਸਬੰਧੀ ਸੰਨੀ ਵਾਸੀ ਗੁਰਦਾਸ ਨੰਗਲ ਨੇ ਦੱਸਿਆ ਕਿ ਉਸ ਦੀ ਗਰਭਵਤੀ ਪਤਨੀ ਨੂੰ 28 ਨਵੰਬਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੋ ਦਿਨ ਤੱਕ ਡਾਕਟਰ ਅਤੇ ਸਟਾਫ ਵਾਲੇ ਇਹੀ ਕਹਿੰਦੇ ਰਹੇ ਕਿ ਸਭ ਠੀਕ ਹੈ ਅਤੇ ਡਿਲਿਵਰੀ ਨਾਰਮਲ ਹੋਵੇਗੀ।
30 ਨਵੰਬਰ ਦੀ ਰਾਤ ਕਰੀਬ ਢਾਈ ਵਜੇ ਹਸਪਤਾਲ ਦਾ ਸਟਾਫ਼ ਉਸ ਦੀ ਪਤਨੀ ਨੂੰ ਲੇਬਰ ਰੂਮ ਲੈ ਗਿਆ ਤੇ ਕੁਝ ਦੇਰ ਬਾਅਦ ਆ ਕੇ ਦੱਸਿਆ ਕਿ ਬੱਚੇ ਦੇ ਦਿਲ ਦੀ ਧੜਕਣ ਨਹੀਂ ਚੱਲ ਰਹੀ। ਇਸ ਦੌਰਾਨ ਉਨ੍ਹਾਂ ਕੋਲੋਂ ਕੁਝ ਕਾਗ਼ਜ਼ਾਂ ’ਤੇ ਦਸਤਖ਼ਤ ਕਰਵਾ ਲਏ ਗਏ ਜੋ ਉਨ੍ਹਾਂ ਜਲਦਬਾਜ਼ੀ ਵਿੱਚ ਕਰ ਦਿੱਤੇ। ਪਹਿਲੀ ਦਸੰਬਰ ਨੂੰ ਸਵੇਰੇ ਮਹਿਲਾ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਬੱਚੇ ਦੀ ਮੌਤ ਮਾਂ ਦੇ ਪੇਟ ਵਿੱਚ ਦਸ ਦਿਨ ਪਹਿਲਾਂ ਹੀ ਹੋ ਚੁੱਕੀ ਹੈ। ਸੰਨੀ ਨੇ ਡਾਕਟਰ ’ਤੇ ਦੋਸ਼ ਲਗਾਇਆ ਕਿ ਜੇਕਰ ਬੱਚੇ ਦੀ ਮੌਤ ਹੋ ਚੁੱਕੀ ਸੀ ਤਾਂ ਸੋਮਵਾਰ ਅੱਧੀ ਰਾਤ ਤਕ ਕਿਸ ਬੱਚੇ ਦੇ ਦਿਲ ਦੀ ਧੜਕਣ ਚੱਲ ਰਹੀ ਸੀ। ਉਸ ਨੇ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਨਾਲ ਉਸ ਦੇ ਬੱਚੇ (ਲੜਕੇ) ਦੀ ਮੌਤ ਹੋਈ ਹੈ ਅਤੇ ਦੋਸ਼ੀ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਐੱਸਐੱਮਓ ਡਾ ਚੇਤਨਾ ਨੇ ਕਿਹਾ ਕਿ ਬੱਚੇ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਬੱਚੇ ਦੀ ਮੌਤ ਹੋਏ 24 ਘੰਟੇ ਹੋ ਚੁੱਕੇ ਹਨ ਪਰ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਡਿਲਿਵਰੀ ਦੌਰਾਨ ਡਾਕਟਰ ਨੇ ਲਾਪਰਵਾਹੀ ਵਰਤੀ ਹੈ। ਇਸ ਸਬੰਧੀ ਪੀੜਤ ਪਰਿਵਾਰ ਤੋਂ ਲਿਖਤੀ ਸ਼ਿਕਾਇਤ ਮੰਗੀ ਗਈ ਹੈ। ਸ਼ਿਕਾਇਤ ਮਿਲਣ ਦੇ ਬਾਅਦ ਡਾਕਟਰਾਂ ਦਾ ਬੋਰਡ ਬਣਾ ਕੇ ਜਾਂਚ ਕਰਵਾਈ ਜਾਵੇਗੀ। ਜਿਸ ਦੀ ਵੀ ਗ਼ਲਤੀ ਸਾਹਮਣੇ ਆਏਗੀ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।