ਹਰਜੀਤ ਸਿੰਘ ਪਰਮਾਰ
ਬਟਾਲਾ, 29 ਮਈ
ਭਾਰਤੀ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਨੌਜਵਾਨ ਅਰਸ਼ਦੀਪ ਸਿੰਘ ਅੱਜ ਆਪਣੇ ਜੱਦੀ ਘਰ ਦਸਮੇਸ਼ ਨਗਰ, ਬਟਾਲਾ ਵਿੱਚ ਆਪਣੇ ਮਾਤਾ-ਪਿਤਾ ਨਾਲ ਆਪਣੇ ਪਰਿਵਾਰ ਨੂੰ ਮਿਲਣ ਪਹੁੰਚਿਆ ਜਿੱਥੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਹਰ ਕ੍ਰਿਕਟਰ ਦਾ ਆਪਣੇ ਦੇਸ਼ ਲਈ ਖੇਡਣਾ ਸੁਫਨਾ ਹੁੰਦਾ ਹੈ ਅਤੇ ਰੱਬ ਨੇ ਉਸ ਨੂੰ ਇਹ ਮੌਕੇ ਦੇ ਕੇ ਉਸ ਦਾ ਸੁਫਨਾ ਪੂਰਾ ਕੀਤਾ ਹੈ। ਉਸ ਨੇ ਦੱਸਿਆ ਕਿ ਅੱਜ ਉਹ ਜਿਸ ਮੁਕਾਮ ’ਤੇ ਪਹੁੰਚਿਆ ਹੈ ਉਸ ਲਈ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਅੱਜ ਇੱਥੇ ਆ ਕੇ ਉਸ ਨੂੰ ਆਪਣਾ ਬਚਪਨ ਯਾਦ ਆ ਗਿਆ ਹੈ। ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੇ ਆਪਣਾ ਟੀਚਾ ਪੂਰਾ ਕਰ ਲਿਆ ਹੈ ਜਿਸ ’ਤੇ ਉਨ੍ਹਾਂ ਨੂੰ ਬਹੁਤ ਮਾਣ ਹੈ। ਉਨ੍ਹਾਂ ਦੱਸਿਆ ਕਿ ਉਹ ਵੀ ਜ਼ਿਲ੍ਹਾ ਪੱਧਰ ਦੇ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਦਾ ਜੋ ਸੁਫਨਾ ਅਧੂਰਾ ਰਹਿ ਗਿਆ ਸੀ, ਅੱਜ ਉਹ ਅਰਸ਼ਦੀਪ ਨੇ ਪੂਰਾ ਕਰ ਵਿਖਾਇਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਅਰਸ਼ਦੀਪ ਵਿੱਚ ਕ੍ਰਿਕਟ ਪ੍ਰਤੀ ਉਤਸ਼ਾਹ ਦੇਖ ਕੇ ਹੀ ਉਸ ਨੂੰ 13 ਸਾਲ ਦੀ ਉਮਰ ਵਿੱਚ ਹੀ ਜੀਐਨਪੀਐਸ ਅਕੈਡਮੀ ਵਿੱਚ ਭੇਜਿਆ ਸੀ ਜਿੱਥੇ ਅਰਸ਼ਦੀਪ ਦੀ ਖੇਡ ਵਿੱਚ ਬਹੁਤ ਨਿਖਾਰ ਆਇਆ ਅਤੇ ਅਰਸ਼ਦੀਪ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ। ਅਰਸ਼ਦੀਪ ਸਿੰਘ ਦੇ ਤਾਇਆ ਸਮਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਦੀ ਸਫਲਤਾ ਤੇ ਬਹੁਤ ਮਾਣ ਹੈ ਅਤੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਾ ਹੈ ਕਿ ਉਨ੍ਹਾਂ ਦਾ ਪੁੱਤਰ ਇਨ੍ਹਾਂ ਵੱਡਾ ਮੁਕਾਮ ਹਾਸਿਲ ਕਰਕੇ ਅੱਜ ਉਨ੍ਹਾਂ ਨੂੰ ਮਿਲਣ ਬਟਾਲਾ ਪਹੁੰਚਿਆ ਹੈ।