ਪੱਤਰ ਪ੍ਰੇਰਕ
ਪਠਾਨਕੋਟ, 16 ਅਗਸਤ
ਡਿਪਟੀ ਕਮਿਸ਼ਨਰ ਹਰਬੀਰ ਸਿੰਘ ਵੱਲੋਂ ਇਥੇ ਸਪੋਰਟਸ ਸਟੇਡੀਅਮ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ, ਵਧੀਕ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੁਲਭੂਸ਼ਣ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਰਾਜਨੀਤਿਕ ਆਗੂ ਹਾਜ਼ਰ ਸਨ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਅੰਤ ਵਿੱਚ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਨਾਮ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸ਼ਾਹਕੋਟ (ਪੱਤਰ ਪ੍ਰੇਰਕ): ਇੱਥੋਂ ਦੀਆਂ ਕਈ ਵਿੱਦਿਅਕ ਸੰਸਥਾਵਾਂ ਵਿਚ 75ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਚ ਮਨਾਏ ਆਜ਼ਾਦੀ ਦਿਹਾੜੇ ਮੌਕੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀ ਨੇ ਤਿਰੰਗਾ ਝੰਡਾ ਲਹਿਰਾਇਆ। ਸਕੂਲੀ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਦੇਸ਼ ਭਗਤੀ ਦੀਆਂ ਕਵਿਤਾਵਾਂ, ਨੁੱਕੜ ਨਾਟਕ, ਗੀਤ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ।
ਕਾਹਨੂੰਵਾਨ (ਪੱਤਰ ਪ੍ਰੇਰਕ): ਕਸਬਾ ਕਾਹਨੂੰਵਾਨ ਵਿੱਚ ਆਜ਼ਾਦੀ ਦਿਵਸ ਮੌਕੇ ਸਾਬਕਾ ਫ਼ੌਜੀਆਂ ਨੇ ਇਕੱਠੇ ਹੋ ਕੇ ਜਸ਼ਨ ਮਨਾਏ। ਇਸ ਮੌਕੇ ਫ਼ੌਜੀਆਂ ਨੇ ਆਜ਼ਾਦੀ ਮਾਰਚ ਕੱਢਿਆ ਅਤੇ ਫਿਰ ਸ਼ਹੀਦੀ ਪਾਰਕ ਵਿੱਚ ਆ ਕੇ ਇਲਾਕੇ ਦੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਰਨਲ ਬਡਵਾਲ ਅਤੇ ਕਰਨਲ ਦਿਲਬਾਗ ਸਿੰਘ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਬਟਾਲਾ (ਖੇਤਰੀ ਪ੍ਰਤੀਨਿਧ): ਆਜ਼ਾਦੀ ਦਿਹਾੜਾ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਤਹਿਸੀਲ ਪੱਧਰੀ ਸਮਾਗਮ ਦੌਰਾਨ ਉਤਸ਼ਾਹ ਅਤੇ ਸਰਕਾਰੀ ਤੌਰ-ਤਰੀਕੇ ਨਾਲ ਮਨਾਇਆ ਗਿਆ। ਇਸ ਦੌਰਾਨ ਤਿਰੰਗਾ ਲਹਿਰਾਉਣ ਦੀ ਰਸਮ ਐੱਸਡੀਐੱਮ ਬਟਾਲਾ ਸ਼ਾਇਰੀ ਭੰਡਾਰੀ ਵੱਲੋਂ ਨਿਭਾਈ ਗਈ।
ਜੈਂਤੀਪੁਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਜਵਿੰਡ ਗੋਪਾਲਪੁਰਾ ਵਿੱਚ ਆਜ਼ਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲਪਰਮਜੀਤ ਕੌਰ ਨੇ ਤਿਰੰਗਾ ਝੰਡਾ ਲਹਿਰਾਇਆ, ਉਪਰੰਤ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।
ਕਰਤਾਰਪੁਰ (ਪੱਤਰ ਪ੍ਰੇਰਕ): ਕਰਤਾਰਪੁਰ ਦੇ ਨਗਰ ਕੌਂਸਲ ਦਫਤਰ ਵਿੱਚ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਕੌਰ ਕਾਂਗਰਸ ਭਵਨ ਵਿਚ ਸਿਟੀ ਕਾਂਗਰਸ ਦੇ ਪ੍ਰਧਾਨ ਵੇਦ ਪ੍ਰਕਾਸ਼ ਡੀਏਵੀ ਪਬਲਿਕ ਸਕੂਲ ਵਿੱਚ ਲਾਇਨਜ਼ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ ਅਤੇ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਆਪੀ ਚੈਰੀਟੇਬਲ ਟਰੱਸਟ ਹਸਪਤਾਲ ਵਿੱਚ ਸੁਮਨ ਕਲਹਣ ਨੇ ਤਿਰੰਗਾ ਲਹਿਰਾਇਆ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪਾਰਟੀ ਦਫ਼ਤਰ ਵਿੱਚ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਕੁਲਦੀਪ ਨੰਦਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਅਨਾਜ ਮੰਡੀ ਬਲਾਚੌਰ ਵਿੱਚ ਸਬ ਡਿਵੀਜ਼ਨ ਪੱਧਰੀ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਸ.ਡੀ.ਐੱਮ. ਸੂਬਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਇਆ। ਇਸੇ ਤਰ੍ਹਾਂ ਰਿਆਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਵਿੱਚ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ੁਭਾ ਰਾਠੌਰ ਨੇ ਸਕੂਲ ਕੈਂਪਸ ਵਿੱਚ ਤਿਰੰਗਾ ਝੰਡਾ ਲਹਿਰਾਇਆ।
ਭੁਲੱਥ (ਪੱਤਰ ਪ੍ਰੇਰਕ): ਇੱਥੋਂ ਦੇ ਸਰਕਾਰੀ ਕਾਲਜ ਸਥਿਤ ਖੇਡ ਮੈਦਾਨ ਵਿੱਚ ਆਜ਼ਾਦੀ ਦਿਹਾੜਾ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਦੀ ਰਹਿਨੁਮਾਈ ਹੇਠ ਮਨਾਇਆ ਗਿਆ ਜਿਸ ਵਿਚ ਪ੍ਰਸ਼ਾਸਨ ਤੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਸਬ ਡਵੀਜ਼ਨ ਪ੍ਰਸ਼ਾਸਨ ਆਦਮਪੁਰ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਦੀ ਦਿਵਸ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬੜ ਵਲੋਂ ਝੰਡਾ ਲਹਿਰਾਇਆ ਗਿਆ।
ਫਗਵਾੜਾ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਆਜ਼ਾਦੀ ਦਿਹਾੜਾ ਸਰਕਾਰੀ ਪੱਧਰ ’ਤੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਏ.ਡੀ.ਸੀ. ਬਬੀਤਾ ਕਲੇਰ ਨੇ ਕੀਤੀ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਬੱਚਿਆਂ ਵਲੋਂ ਗੀਤ ਵੀ ਗਾਏ ਗਏ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੇ ਮੁਲਾਜ਼ਮਾਂ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ‘ਆਪ’ ਆਗੂ ਜੋਗਿੰਦਰ ਸਿੰਘ ਮਾਨ ਤੇ ਐੱਸ.ਡੀ.ਐੱਮ ਆਦਿ ਹਾਜ਼ਰ ਸਨ। ਸਿਵਲ ਹਸਪਤਾਲ ਵਿੱਚ ਝੰਡਾ ਲਹਿਰਾਉਣ ਦੀ ਰਸਮ ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਕੀਤੀ। ਇਸੇ ਤਰ੍ਹਾਂ ਇਹ ਦਿਹਾੜਾ ਇੰਪਰੂਵਮੈਂਟ ਟਰੱਸਟ ਦਫ਼ਤਰ ਵਿਖੇ ਵੀ ਮਨਾਇਆ ਗਿਆ।
ਦਸੂਹਾ (ਪੱਤਰ ਪ੍ਰੇਰਕ): ਇੱਥੇ ਸਥਾਨਕ ਪੰਚਾਇਤ ਸਮਿਤੀ ਸਟੇਡੀਅਮ ਵਿਖੇ ਕਰਵਾਏ ਉਪ ਮੰਡਲ ਪੱਧਰੀ ਸਮਾਰੋਹ ਵਿੱਚ ਐੱਸਡੀਐੱਮ ਹਰਬੰਸ ਸਿੰਘ (ਪੀਸੀਐਸ) ਵੱਲੋਂ ਬਤੌਰ ਮੁੱਖ ਮਹਿਮਾਨ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਅਜਨਾਲਾ (ਪੱਤਰ ਪ੍ਰੇਰਕ): ਤਹਿਸੀਲ ਅਜਨਾਲਾ ਦੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਉਦਯੋਗਿਕ ਸਿਖਲਾਈ ਸੰਸਥਾ ਦੇ ਮੈਦਾਨ ਵਿੱਚ ਆਜ਼ਾਦੀ ਸਮਾਰੋਹ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸ.ਡੀ.ਐੱਮ ਅਮਨਪ੍ਰੀਤ ਸਿੰਘ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਧਾਰੀਵਾਲ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀ.ਟੀ.ਬੀ.ਆਈ) ਸਕੂਲ ਕਲਿਆਣਪੁਰ ਵਿੱਚ ਆਜ਼ਾਦੀ ਦਿਹਾੜਾ ਪ੍ਰਿੰਸੀਪਲ ਡਾ. ਰਵਨੀਤ ਕੌਰ ਤੇ ਡਾਇਰੈਕਟਰ ਸੁਰਜੀਤ ਸਿੰਘ ਦੇ ਪ੍ਰਬੰਧਾਂ ਹੇਠ ਮਨਾਇਆ ਗਿਆ।
ਭੋਗਪੁਰ (ਪੱਤਰ ਪ੍ਰੇਰਕ): ਨਗਰ ਕੌਂਸਲ ਭੋਗਪੁਰ ਦੇ ਚੇਅਰਪਰਸਨ ਮੰਜੂ ਅਗਰਵਾਲ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੇ ਕੌਂਸਲ ਦੇ ਦਫ਼ਤਰ ਵਿੱਚ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ।
ਆਜ਼ਾਦੀ ਘੁਲਾਟੀਏ ਜੈਮਲ ਸਿੰਘ ਦਾ ਸਨਮਾਨ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਡੇਰੀ ਉਮਰ ਦੇ ਹੋ ਚੁੱਕੇ ਆਜ਼ਾਦੀ ਘੁਲਾਟੀਏ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਤ ਕੀਤਾ। ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਨੇ 102 ਸਾਲਾਂ ਦੇ ਹੋ ਚੁੱਕੇ ਆਜ਼ਾਦੀ ਘੁਲਾਟੀਏ ਜੈਮਲ ਸਿੰਘ ਜੋ ਕਿ ਝਬਾਲ ਰੋਡ ’ਤੇ ਰਹਿੰਦੇ ਹਨ , ਦੇ ਘਰ ਜਾ ਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਉਨਾਂ ਦੱਸਿਆ ਕਿ ਜੈਮਲ ਸਿੰਘ ਵੱਡੇਰੀ ਉਮਰ ਦੇ ਹੋਣ ਕਰਕੇ ਸਮਾਗਮ ਵਾਲੀ ਥਾਂ ’ਤੇ ਨਹੀਂ ਆ ਸਕਦੇ ਸਨ।