ਪੱਤਰ ਪ੍ਰੇਰਕ
ਦੀਨਾਨਗਰ, 25 ਦਸੰਬਰ
ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਅਰੁਨਾ ਚੌਧਰੀ ਵੱਲੋਂ ਅੱਜ ਦੋਦਵਾਂ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਦਾ ਰਸਮੀ ਉਦਘਾਟਨ ਕੀਤਾ ਗਿਆ। ਇੱਥੇ ਪਹਿਲਾਂ ਪੌਲਟੈਕਨੀਕਲ ਕਾਲਜ ਚੱਲਦਾ ਸੀ। ਬੱਚਿਆਂ ਦੀ ਲਗਾਤਾਰ ਘੱਟਦੀ ਗਿਣਤੀ ਕਾਰਨ ਸਰਕਾਰ ਨੇ ਇਸ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੇ ਯਤਨਾਂ ਨਾਲ ਇਸ ਨੂੰ ਆਈਟੀਆਈ ’ਚ ਤਬਦੀਲ ਕਰਵਾ ਦਿੱਤਾ ਗਿਆ। ਇੱਥੇ ਨਵੀਆਂ ਲੈਬ ਤੇ ਕੋਰਸ ਲਈ ਵਰਤਿਆ ਜਾਣ ਲਈ 3.60 ਕਰੋੜ ਰੁਪਏ ਦਾ ਸਾਮਾਨ ਲਿਆਂਦਾ ਗਿਆ ਹੈ ਜਦਕਿ 1.80 ਕਰੋੜ ਰੁਪਏ ਦੀ ਲਾਗਤ ਨਾਲ ਬਿਲਡਿੰਗ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਉਨ੍ਹਾਂ ਇਸ ਦੌਰਾਨ ਪਹਿਲੇ ਬੈਚ ਦੇ ਸਿਖਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਕੋਲੋਂ ਵੱਖ-ਵੱਖ ਕੋਰਸਾਂ ਸਬੰਧੀ ਉਨ੍ਹਾਂ ਦੀ ਦਿਲਚਸਪੀ ਜਾਣੀ। ਸੰਸਥਾ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਨੇ ਦੱਸਿਆ ਕਿ ਇੱਥੇ ਕੁੱਲ ਪੰਜ ਕੋਰਸ ਚਲਾਏ ਜਾਣਗੇ, ਜਿਸ ਲਈ ਦਾਖ਼ਲਾ ਸ਼ੁਰੂ ਕਰ ਦਿੱਤਾ ਗਿਆ ਹੈ।
ਗਿਲਜੀਆਂ ਨੇ ਜਹੂਰਾ-ਚੌਲਾਂਗ ਸੜਕ ਦਾ ਨੀਂਹ ਪੱਥਰ ਰੱਖਿਆ
ਟਾਂਡਾ (ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਜਹੂਰਾ ’ਚ ਜੰਗਲਾਤ ਜੰਗਲੀ ਜੀਵ ਅਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਜਹੂਰਾ ਤੋਂ ਚੌਲਾਂਗ ਤਕ 75.14 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਗਿਲਜੀਆਂ ਨੇ ਦੱਸਿਆ ਕਿ ਉੜਮੁੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ 400 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਨਿਰਮਾਣ ਤੋਂ ਬਾਅਦ ਕਰੀਬ 14 ਕਰੋੜ ਦੀ ਲਾਗਤ ਨਾਲ 58 ਕਿਲੋਮੀਟਰ ਹੋਰ ਸੰਪਰਕ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਦਿੱਤਾ।